ਮਿੱਟੀ, ਰਿਜ਼ਕ ਅਤੇ ਵਿਸਾਖੀ
ਬਾਲ ਕਹਾਣੀ
ਰਘੁਵੀਰ ਸਿੰਘ ਕਲੋਆ
ਵਿਸਾਖੀ ਦਾ ਦਿਨ ਸੀ। ਟਿੰਕੂ ਅਤੇ ਬਬਲੀ ਦੋਵੇਂ ਭੈਣ-ਭਰਾ ਦਾ ਚਾਅ ਅੱਜ ਸਾਂਭਿਆ ਨਹੀਂ ਸੀ ਜਾ ਰਿਹਾ। ਵਿਸਾਖੀ ਦਾ ਮੇਲਾ ਉਨ੍ਹਾਂ ਦੇ ਪਿੰਡ ਦੇ ਲਾਗੇ ਹੀ ਇੱਕ ਉੱਚੇ ਥਾਂ ’ਤੇ ਲੱਗਦਾ ਸੀ। ਇਹ ਥਾਂ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਕੇਂਦਰ ਵਿੱਚ ਪੈਂਦੀ ਹੋਣ ਕਰਕੇ ਇਹ ਮੇਲਾ ਭਰਦਾ ਵੀ ਬਹੁਤ ਸੀ।
ਇਸ ਵਾਰ ਇਨ੍ਹਾਂ ਦੋਵਾਂ ਨੂੰ ਮੇਲਾ ਵੇਖਣ ਦਾ ਵੱਖਰਾ ਹੀ ਚਾਅ ਸੀ। ਇਸ ਵਾਰ ਉਨ੍ਹਾਂ ਦੇ ਨਾਨਕਿਆਂ ਤੋਂ ਉਨ੍ਹਾਂ ਦੇ ਹਾਣੀ, ਮਿੰਟੂ ਅਤੇ ਟਿੰਮੂ ਵੀ ਆਏ ਹੋਏ ਸਨ। ਇਹ ਦੋਵੇਂ ਉਨ੍ਹਾਂ ਦੇ ਮਾਮਾ ਜੀ ਦੇ ਪੁੱਤਰ ਸਨ। ਸਾਲ ਦੋ ਸਾਲ ਦੇ ਫ਼ਰਕ ਨਾਲ ਇਹ ਚਾਰੋਂ ਹਾਣੋਹਾਣੀ ਸਨ ਤੇ ਇਸੇ ਕਰਕੇ ਚਾਰਾਂ ਦੀ ਆਪਸ ਵਿੱਚ ਬਣਦੀ ਵੀ ਬਹੁਤ ਸੀ। ਮੇਲੇ ਦੇ ਚਾਅ ਵਿੱਚ ਉਹ ਸਵੇਰੇ ਸੁਵੱਖਤੇ ਹੀ ਨਹਾ ਧੋ ਕੇ ਤਿਆਰ ਹੋ ਗਏ ਅਤੇ ਟਿੰਕੂ ਦੇ ਦਾਦੀ ਜੀ ਨੇ ਉਨ੍ਹਾਂ ਨੂੰ ਟੋਕਿਆ;
‘‘ਪੁੱਤ! ਮੇਲੇ ਵਿੱਚ ਵਾਹਵਾ ਭੀੜ ਹੁੰਦੀ ਐ, ਐਵੇਂ ਕਿਉਂ ਕਾਹਲ ਕਰਦੇ ਹੋ, ਕਿਸੇ ਸਿਆਣੇ ਨੂੰ ਨਾਲ ਲੈ ਕੇ ਜਾਇਓ।’’ ਇਹ ਸੁਣ ਕੇ ਉਹ ਚਾਰੋਂ ਟਿੰਕੂ ਦੇ ਦਾਦਾ ਜੀ ਵੱਲ ਹੋ ਗਏ ਅਤੇ ਛਾਲਾਂ ਮਾਰਦੇ ਟਿੰਕੂ ਦੇ ਦਾਦਾ ਜੀ ਦੇ ਪਿੱਛੇ ਪਿੱਛੇ ਤੁਰ ਪਏ।
ਹੋਰ ਵੀ ਬਹੁਤ ਸਾਰੇ ਲੋਕ ਮੇਲੇ ਵੱਲ ਜਾ ਰਹੇ ਸਨ। ਭਾਵੇਂ ਬਹੁਤੇ ਲੋਕ ਜਾ ਰਹੇ ਸਨ, ਪਰ ਵਿਰਲੇ ਟਾਵੇਂ ਮੱਥਾ ਟੇਕ ਕੇ ਵਾਪਸ ਵੀ ਆ ਰਹੇ ਸਨ। ਟਿੰਕੂ ਦੇ ਦਾਦਾ ਜੀ ਨੇ ਬੜੀ ਸਾਵਧਾਨੀ ਨਾਲ ਉਨ੍ਹਾਂ ਨੂੰ ਸੜਕ ਦੇ ਇੱਕ ਪਾਸੇ ਆਪਣੇ ਪਿੱਛੇ ਪਿੱਛੇ ਤੋਰਿਆ ਹੋਇਆ ਸੀ। ਜਦੋਂ ਉਹ ਪਿੰਡ ਤੋਂ ਅੱਧਾ ਕੁ ਮੀਲ ਵਾਟ ਲੰਘ ਆਏ ਤਾਂ ਉੱਚੇ ਥਾਂ ਹੋਣ ਕਾਰਨ ਮੇਲੇ ਵਾਲੀ ਜਗ੍ਹਾ ਉਨ੍ਹਾਂ ਨੂੰ ਦੂਰੋਂ ਹੀ ਨਜ਼ਰ ਆਉਣ ਲੱਗੀ। ਦੁੱਧ ਚਿੱਟਾ ਗੁੰਬਦ ਅਤੇ ਨਿਸ਼ਾਨ ਸਾਹਿਬ ਬੜੇ ਸੋਹਣੇ ਲੱਗ ਰਹੇ ਸਨ। ਸਾਰੇ ਰਾਹ ਵਿੱਚ ਰੰਗ ਬਿਰੰਗੀਆਂ ਝੰਡੀਆਂ ਲੱਗੀਆਂ ਹੋਈਆਂ ਸਨ। ਜਦੋਂ ਉਨ੍ਹਾਂ ਚਾਰਾਂ ਨੇ ਉੱਥੇ ਇੱਕ ਚੰਡੋਲ ਘੁੰਮਦਾ ਵੇਖਿਆ ਤਾਂ ਉਨ੍ਹਾਂ ਦੇ ਕਦਮ ਮੱਲੋ ਮੱਲੀ ਤੇਜ਼ ਹੋ ਗਏ, ਪਰ ਮੇਲੇ ਦੀ ਭੀੜ ਉਨ੍ਹਾਂ ਨੂੰ ਸੌਖਿਆ ਅੱਗੇ ਨਹੀਂ ਸੀ ਵਧਣ ਦੇ ਰਹੀ।
ਆਖਰ ਭੀੜ ’ਚੋਂ ਇੱਧਰ ਉੱਧਰ ਹੁੰਦਿਆਂ ਉਹ ਮੇਲੇ ਵਾਲੀ ਜਗ੍ਹਾ ਪੁੱਜ ਹੀ ਗਏ। ਸਭ ਤੋਂ ਪਹਿਲਾਂ ਮੱਥਾ ਟੇਕ ਕੇ ਉਨ੍ਹਾਂ ਨੇ ਪ੍ਰਸ਼ਾਦ ਲਿਆ ਤੇ ਫਿਰ ਫਟਾਫਟ ਚੰਡੋਲ ਵੱਲ ਤੁਰ ਪਏ। ਚੰਡੋਲ ਦੇ ਝੂਟੇ ਲੈ ਕੇ ਉਨ੍ਹਾਂ ਨੇ ਖ਼ੂਬ ਆਨੰਦ ਲਿਆ। ਹੁਣ ਉਹ ਆਸੇ ਪਾਸੇ ਸਜੀਆਂ ਨਿੱਕੀਆਂ ਨਿੱਕੀਆਂ ਹੱਟੀਆਂ ’ਤੇ ਘੁੰਮਣ ਲੱਗੇ। ਟਿੰਕੂ ਅਤੇ ਟਿੰਮੂ ਨੇ ਇੱਕ ਇੱਕ ਤੂੰਬੀ ਖ਼ਰੀਦ ਲਈ ਅਤੇ ਬਬਲੀ ਤੇ ਮਿੰਟੂ ਨੇ ਸੋਨੇ ਰੰਗੀਆਂ ਜੰਜ਼ੀਰਾਂ। ਇੱਕ ਪਾਸੇ ਲੱਗੀ ਹਲਵਾਈ ਦੀ ਹੱਟੀ ਤੋਂ ਉਨ੍ਹਾਂ ਨੇ ਗਰਮ ਗਰਮ ਜਲੇਬੀਆਂ ਖਾਧੀਆਂ ਤੇ ਫਿਰ ਥੋੜ੍ਹਾ ਹਟਵਾਂ, ਇੱਕ ਪਾਸੇ ਚੱਲ ਰਹੀਆਂ ਬਲਦਾਂ ਦੀਆਂ ਹਲਟੀ ਦੀਆਂ ਦੌੜਾਂ ਵੇਖਣ ਲੱਗੇ। ਦੁਪਹਿਰ ਤਿੱਖੀ ਹੋਣ ਲੱਗੀ ਸੀ ਤੇ ਉੱਥੇ ਧੂੜ ਵੀ ਕਾਫ਼ੀ ਉੱਡ ਰਹੀ ਸੀ। ਗਰਮੀ ਅਤੇ ਘੱਟੇ ਤੋਂ ਪਰੇਸ਼ਾਨ ਹੋ ਕੇ ਉਹ ਛੇਤੀ ਹੀ ਘਰ ਜਾਣ ਲਈ ਕਾਹਲੇ ਪੈਣ ਲੱਗੇ। ਟਿੰਕੂ ਦੇ ਦਾਦਾ ਜੀ ਹਾਲੇ ਹੋਰ ਰੁਕਣਾ ਚਾਹੁੰਦੇ ਸਨ, ਪਰ ਬੱਚਿਆਂ ਦੇ ਕਾਹਲੇ ਪੈ ਜਾਣ ਕਾਰਨ ਉਨ੍ਹਾਂ ਨੇ ਵਾਪਸ ਮੁੜਨਾ ਹੀ ਠੀਕ ਸਮਝਿਆ।
ਵਾਪਸ ਮੁੜਦਿਆਂ ਹਵਾ ਕਾਫ਼ੀ ਤੇਜ਼ ਵਗਣ ਲੱਗੀ ਸੀ। ਸੜਕ ਕਿਨਾਰੇ ਖੜ੍ਹੇ ਇੱਕ ਭੰਬੀਰੀਆਂ ਵਾਲੇ ਦੀਆਂ ਭੰਬੀਰੀਆਂ ਆਪ ਮੁਹਾਰੇ ਹੀ ਘੁੰਮ ਰਹੀਆਂ ਸਨ। ਇਹ ਵੇਖ ਕੇ ਉਨ੍ਹਾਂ ਚਾਰਾਂ ਨੇ ਵੀ ਇੱਕ ਇੱਕ ਭੰਬੀਰੀ ਖ਼ਰੀਦ ਲਈ। ਭੰਬੀਰੀਆਂ ਦੇ ਚਾਅ ਵਿੱਚ ਉਨ੍ਹਾਂ ਨੂੰ ਗਰਮੀ ਫਿਰ ਤੋਂ ਭੁੱਲ ਗਈ। ਖ਼ੁਸ਼ ਹੁੰਦੇ ਉਹ ਵਾਪਸ ਸੜਕ ’ਤੇ ਆ ਰਹੇ ਸਨ ਕਿ ਇੱਕ ਕਾਰ ਘੱਟਾ ਉਡਾਉਂਦੀ ਹੋਈ ਉਨ੍ਹਾਂ ਕੋਲੋਂ ਤੇਜ਼ੀ ਨਾਲ ਲੰਘੀ। ਘੱਟੇ ਨਾਲ ਉਨ੍ਹਾਂ ਦਾ ਮੂੰਹ ਸਿਰ ਭਰ ਗਿਆ। ਨੱਕ ਬੁੱਲ੍ਹ ਵੱਟਦੇ ਹੋਏ ਉਹ ਫਿਰ ਤੋਂ ਬੇਚੈਨ ਹੋ ਉੱਠੇ। ਉਨ੍ਹਾਂ ਦੇ ਇੰਜ ਝੱਟ ਬਦਲਦੇ ਹਾਵ ਭਾਵ ਵੇਖ ਕੇ ਟਿੰਕੂ ਦੇ ਦਾਦਾ ਜੀ ਨੇ ਹੱਸਦਿਆਂ ਉਨ੍ਹਾਂ ਨੂੰ ਆਖਿਆ;
‘‘ਸ਼ੇਰ ਬੱਚਿਓ! ਐਵੇਂ ਕਿਉਂ ਮਿੱਟੀ ਤੋਂ ਮੂੰਹ ਵੱਟੀ ਜਾਂਦੇ ਹੋ, ਘਰ ਜਾ ਕੇ ਮੂੰਹ ਹੱਥ ਧੋ ਲਵਾਂਗੇ। ਇਹ ਮਿੱਟੀ ਤਾਂ ਬੜੀ ਕੀਮਤੀ ਸ਼ੈਅ ਐ, ਇਸ ਵਿੱਚੋਂ ਹੀ ਰਿਜ਼ਕ ਪੈਦਾ ਹੁੰਦਾ ਹੈ ਤੇ ਇਸੇ ਰਿਜ਼ਕ ਕਰਕੇ ਇਹ ਵਿਸਾਖੀ ਦਾ ਮੇਲਾ ਲੱਗਦਾ ਹੈ।’’
ਟਿੰਕੂ ਦੇ ਦਾਦਾ ਜੀ ਦੀ ਇਹ ਗੱਲ ਸੁਣ ਕੇ ਚਾਰੋਂ ਬੱਚੇ ਉਨ੍ਹਾਂ ਦੇ ਮੂੰਹ ਵੱਲ ਤੌਰ ਭੌਰ ਝਾਕਣ ਲੱਗੇ। ਮਿੱਟੀ, ਰਿਜ਼ਕ ਅਤੇ ਮੇਲੇ ਵਾਲੀ ਗੱਲ ਉਨ੍ਹਾਂ ਦੇ ਖਾਨੇ ਨਹੀਂ ਸੀ ਪਈ। ਬੱਚਿਆਂ ਦੀ ਉਤਸੁਕਤਾ ਨੂੰ ਵਧਾ ਕੇ ਟਿੰਕੂ ਦੇ ਦਾਦਾ ਜੀ ਨੇ ਗੱਲ ਟਿਕਾਣੇ ਲਿਆਂਦੀ;
‘‘ਪੁੱਤਰੋ! ਆਹ ਚੁਫ਼ੇਰੇ ਕਣਕ ਦੇ ਖੇਤ ਵੇਖਦੇ ਹੋ? ਕਿਵੇਂ ਸੋਨੇ ਰੰਗੀ ਭਾਅ ਮਾਰ ਰਹੇ, ਇਹ ਸੋਨਾ ਇਸੇ ਮਿੱਟੀ ’ਚੋਂ ਪੈਦਾ ਹੁੰਦੈ। ਵਿਸਾਖੀ ਦਾ ਤਿਉਹਾਰ ਵੀ ਇਸੇ ਕਣਕ ਦੀ ਵਾਢੀ ਨਾਲ ਜੁੜਿਐ। ਕਣਕ ਵੱਢਾਂਗੇ, ਰਿਜ਼ਕ ਘਰ ਲਿਆਵਾਂਗੇ, ਤਾਂ ਹੀ ਫਿਰ ਖ਼ੁਸ਼ੀਆਂ ਤੇ ਮੇਲੇ ਮਨਾਵਾਂਗੇ।’’
‘‘ਹਾਂ... ਹਾਂ... ਦਾਦਾ ਜੀ! ਵਿਸਾਖੀ ਦੇ ਮੇਲੇ ਦੀ ਕਵਿਤਾ ਤਾਂ ਸਾਡੀ ਕਿਤਾਬ ਵਿੱਚ ਵੀ ਹੈ, ਉਸ ਵਿੱਚ ਵੀ ਕਣਕ ਦੀ ਵਾਢੀ ਦੀ ਗੱਲ ਆਉਂਦੀ ਹੈ।’’ ਖ਼ੁਸ਼ ਹੁੰਦਿਆਂ ਬਬਲੀ ਨੇ ਆਪਣੇ ਦਾਦਾ ਜੀ ਦੀ ਹਾਂ ਵਿੱਚ ਹਾਂ ਮਿਲਾਈ ਤਾਂ ਟਿੰਕੂ, ਟਿੰਮੂ ਅਤੇ ਮਿੰਟੂ ਨੇ ਵੀ ਸਿਰ ਹਿਲਾ ਕੇ ਆਪਣੀ ਸਹਿਮਤੀ ਜਤਾਈ।
ਵਿਸਾਖੀ ਬਾਰੇ ਇਹ ਸਭ ਜਾਣ ਕੇ ਉਹ ਫਿਰ ਤੋਂ ਖ਼ੁਸ਼ ਹੋ ਉੱਠੇ ਸਨ। ਉਦੋਂ ਹੀ ਹਵਾ ਦਾ ਇੱਕ ਤੇਜ਼ ਬੁੱਲਾ ਆਇਆ ਅਤੇ ਉੱਥੇ ਟੰਗੀਆਂ ਰੰਗ ਬਿਰੰਗੀਆਂ ਝੰਡੀਆਂ ਤੇਜ਼ੀ ਨਾਲ ਲਹਿਰਾਉਣ ਲੱਗੀਆਂ। ਇੱਕ ਨਜ਼ਰ ਉਨ੍ਹਾਂ ਝੰਡੀਆਂ ਵੱਲ੍ਹ ਵੇਖ ਕੇ ਜਦੋਂ ਉਨ੍ਹਾਂ ਚਾਰਾਂ ਨੇ ਕਣਕ ਦੇ ਖੇਤ ਵੱਲ ਵੇਖਿਆ ਤਾਂ ਪੱਕੀ ਕਣਕ ਦੀਆਂ ਬੱਲੀਆਂ ਵੀ ਹਵਾ ਦੇ ਵੇਗ ਨਾਲ ਉਵੇਂ ਹੀ ਝੂਮ ਰਹੀਆਂ ਸਨ। ਮਿੱਟੀ, ਰਿਜ਼ਕ ਤੇ ਵਿਸਾਖੀ ਵਾਲੀ ਗੱਲ, ਹੁਣ ਉਨ੍ਹਾਂ ਨੂੰ ਸਮਝ ਆ ਰਹੀ ਸੀ।
ਸੰਪਰਕ: 98550-24495