ਮਾਨਸਾ ਪੁਲੀਸ ਨੇ ਹਰਿਆਣਾ ’ਚੋਂ ਆਉਂਦੇ ਨਸ਼ਿਆਂ ਨੂੰ ਰੋਕਿਆ: ਡੀਆਈਜੀ
ਜੋਗਿੰਦਰ ਸਿੰਘ ਮਾਨ
ਮਾਨਸਾ, 14 ਮਈ
ਬਠਿੰਡਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ (ਡੀਆਈਜੀ) ਹਰਜੀਤ ਸਿੰਘ ਨੇ ਕਿਹਾ ਕਿ ਮਾਨਸਾ ਪੁਲੀਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਤੱਕ ਜ਼ਿਲ੍ਹੇ ਵਿੱਚ ਮੁਹਿੰਮ ਤਹਿਤ 260 ਮੁਕਦੱਮੇ ਦਰਜ ਕਰਕੇ 385 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹੱਦ ਨਾਲ ਲੱਗਦੇ ਇਸ ਜ਼ਿਲ੍ਹੇ ਵਿੱਚ ਪੁਲੀਸ ਵੱਲੋਂ ਬਾਹਰਲੇ ਰਾਜਾਂ ਤੋਂ ਵਿਕਣ ਲਈ ਆਉਂਦੇ ਨਸ਼ਿਆਂ ਨੂੰ ਰੋਕ ਕੇ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ਉਹ ਅੱਜ ਕਸਬਾ ਭੀਖੀ ਵਿਖੇ ਲੋਕ ਮਿਲਣੀ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ, ਡੀਐਸਪੀ ਬੂਟਾ ਸਿੰਘ ਗਿੱਲ ਸਮੇਤ ਪੁਲੀਸ ਅਤੇ ਸਿਵਲ ਦੇ ਉਚ ਅਧਿਕਾਰੀ ਮੌਜੂਦ ਸਨ।
ਡੀਆਈਜੀ ਹਰਜੀਤ ਸਿੰਘ ਨੇ ਆਪਣੀ ਤਕਰੀਰ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਗਿਆ ਅਤੇ ਪੁਲੀਸ ਪ੍ਰਸਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆਪਣੀ ਦੁਖ-ਤਕਲੀਫਾਂ ਅਤੇ ਸੁਝਾਅ ਪ੍ਰਸ਼ਾਸਨ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਖ਼ਤ ਨੀਤੀ ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਅੰਦਰ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ, ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ।