ਮਾਣੂੰਕੇ ਦੀ ਰਿਹਾਇਸ਼ ਅੱਗੇ ਮੁੜ ਗੂੰਜਣਗੇ ਸਰਕਾਰ ਵਿਰੋਧੀ ਨਾਅਰੇ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਮਾਰਚ
ਕਿਸਾਨ ਜਥੇਬੰਦੀਆਂ ਨੇ ਦਿੱਲੀ ਮੋਰਚਾ-2 ਵੱਲੋਂ ਸ਼ੰਭੂ ਤੇ ਖਨੌਰੀ ਮੋਰਚਿਆਂ 'ਤੇ ਨਾਦਰਸ਼ਾਹੀ ਹਮਲੇ ਖ਼ਿਲਾਫ਼ ਸੂਬਾਈ ਸੱਦੇ ਅਨੁਸਾਰ ਭਲਕੇ 31 ਮਾਰਚ ਨੂੰ ਜਗਰਾਉਂ ਵਿਖੇ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਬੀਕੇਯੂ (ਦੋਆਬਾ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬੀਕੇਯੂ (ਕ੍ਰਾਂਤੀਕਾਰੀ) ਸਮੇਤ ਹੋਰ ਭਰਾਤਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੂਬਾਈ ਸੱਦੇ ਦੀ ਰੋਸ਼ਨੀ ਵਿੱਚ 31 ਮਾਰਚ ਸੋਮਵਾਰ ਨੂੰ 11 ਤੋਂ 3 ਵਜੇ ਤਕ ਹਾਕਮ ਧਿਰ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਕੋਠੀ ਮੂਹਰੇ ਵਿਸ਼ਾਲ ਧਰਨਾ ਲਗਾਇਆ ਜਾਵੇਗਾ।
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਬੀਕੇਯੂ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ, ਜਤਿੰਦਰ ਸਿੰਘ ਤਿੰਦੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਦੀਪ ਸਿੰਘ ਬੱਲੋਵਾਲ, ਕੁਲਦੀਪ ਸਿੰਘ ਮੋਹੀ, ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਗੁਰਦੀਪ ਸਿੰਘ ਗਿੱਦੜਵਿੰਡੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਦੀ ਸ਼ਹਿ 'ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਾਇਮ ਕੀਤੇ ਪੁਲੀਸ ਰਾਜ ਦਾ ਵਿਰੋਧ ਕਰਨ, ਸ਼ੰਭੂ ਤੇ ਖਨੌਰੀ ਮੋਰਚਿਆਂ ਤੋਂ ਲੁੱਟਿਆ ਤੇ ਤਬਾਹ ਕੀਤਾ ਕਰੋੜਾਂ ਰੁਪਏ ਦੇ ਸਾਜੋ ਸਾਮਾਨ ਦਾ ਪੂਰਾ ਮੁਆਵਜ਼ਾ ਲੈਣ ਲਈ, ਦੇਸ਼ ਦੀ ਰਾਜਧਾਨੀ ਦਿੱਲੀ ਜਾਣ ਦਾ ਖੋਹਿਆ ਹੱਕ ਬਹਾਲ ਕਰਵਾਉਣ ਲਈ ਅਤੇ 13 ਹੱਕੀ ਮੰਗਾਂ ਮਨਵਾਉਣ ਲਈ ਇਹ ਧਰਨਾ ਲਾਇਆ ਜਾ ਰਿਹਾ ਹੈ। ਸਮੂਹ ਆਗੂਆਂ ਨੇ ਇੱਕਮਤ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ 31 ਮਾਰਚ ਦੇ ਜਗਰਾਉਂ ਐਕਸ਼ਨ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।