ਨੰਬਰਦਾਰ ਯੂਨੀਅਨ ਦੀ ਮੀਟਿੰਗ
ਖੰਨਾ, 2 ਅਪਰੈਲ
ਇੱਥੋਂ ਦੇ ਤਹਿਸੀਲ ਕੰਪਲੈਕਸ ਵਿੱਚ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨੰਬਰਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਯੂਨੀਅਨ ਦੇ ਆਗੂ ਅਮਰ ਸਿੰਘ ਨੇ ਸਰਕਾਰ ਦਾ ਧਿਆਨ ਕਿਸਾਨੀ ਮੰਗਾਂ, ਡੀਏ ਖਾਦ ਅਤੇ ਯੂਰੀਏ ਸਬੰਧੀ ਆ ਰਹੀ ਕਿੱਲਤ ਵੱਲ ਦਿਵਾਉਂਦਿਆਂ ਮੰਗ ਕੀਤੀ ਕਿ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਫ਼ਸਲ ਦੀ ਸਮੇਂ ਸਿਰ ਬਿਜਾਈ ਕਰ ਸਕਣ। ਨੰਬਰਦਾਰਾਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਆਰੰਭੇ ਯੁੱਧ ਦੀ ਸ਼ਲਾਘਾ ਕੀਤੀ। ਇਸ ਮੌਕੇ ਬਹਾਦਰ ਸਿੰਘ ਅਤੇ ਪਰਮਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ 5 ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ, ਨੰਬਰਦਾਰੀ ਜੱਦੀ-ਪੁਸ਼ਤੀ ਕੀਤੀ ਜਾਵੇ, ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ ਤੇ ਕੋਰਟ ਕੰਪਲੈਕਸ ਵਿੱਚ ਨੰਬਰਦਾਰਾਂ ਦੇ ਬੈਠਣ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਆਦਿ। ਇਸ ਤੋਂ ਇਲਾਵਾ ਪਿੰਡਾਂ-ਸ਼ਹਿਰਾਂ ਵਿੱਚ ਦਿਨੋਂ- ਦਿਨ ਵਧ ਰਹੀ ਕੁੱਤਿਆਂ ਅਤੇ ਡੰਗਰਾਂ ਦੀ ਦਹਿਸ਼ਤ ਨੂੰ ਧਿਆਨ ਵਿੱਚ ਰੱਖਦਿਆਂ ਪਹਿਲ ’ਤੇ ਇਨ੍ਹਾਂ ਦਾ ਠੋਸ ਹੱਲ ਕੀਤਾ ਜਾਵੇ। ਇਸ ਮੌਕੇ ਬਲਵਿੰਦਰ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ, ਰਾਜ ਕਮਲ ਤੇ ਸੋਹਣ ਸਿੰਘ ਆਦਿ ਹਾਜ਼ਰ ਸਨ।