ਬੀਕੇਯੂ ਏਕਤਾ ਉਗਰਾਹਾਂ ਵੱਲੋਂ ਗਿਆਸਪੁਰਾ ਦੇ ਦਫ਼ਤਰ ਅੱਗੇ ਧਰਨਾ
ਦੇਵਿੰਦਰ ਸਿੰਘ ਜੱਗੀ
ਪਾਇਲ, 6 ਅਪਰੈਲ
ਪੰਜਾਬ ਸਰਕਾਰ ਵੱਲੋਂ ਆਦਰਸ਼ ਸਕੂਲ ਚਾਉਕੇ ਅੱਗੇ ਪੱਕੇ ਧਰਨੇ ਨੂੰ ਪੁਲੀਸ ਤਸ਼ੱਦਦ ਰਾਹੀਂ ਕੁਚਲਣ ਤੇ ਅਧਿਆਪਕਾਂ ਅਤੇ ਯੂਨੀਅਨ ਦੇ ਵਰਕਰਾਂ ਸਮੇਤ ਛੋਟੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋ ਅੱਜ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਪਾਇਲ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਚਾਉਕੇ ਆਦਰਸ਼ ਸਕੂਲ ਦੇ ਟੀਚਰਾਂ ਨੂੰ ਪੂਰੀਆਂ ਤਨਖ਼ਾਹਾਂ ਨਾ ਮਿਲਣ ਤੇ ਬੱਚਿਆਂ ਨੂੰ ਕਿਤਾਬਾਂ ਤੇ ਵਰਦੀਆਂ ਨਾ ਮਿਲਣ ਅਤੇ ਟੀਚਰਾਂ ਤੇ ਬੱਚਿਆਂ ਦੇ ਮਾਪਿਆਂ ਵਲੋਂ ਜਾਇਜ ਤੇ ਹੱਕੀ ਮੰਗਾਂ ਲਈ ਮਹੀਨਿਆਂ ਬੱਧੀ ਧਰਨਾ ਚੱਲ ਰਿਹਾ ਸੀ ਪਰ ਭਗਵੰਤ ਮਾਨ ਦੀ ਚੇਅਰਮੈਨੀ ਵਾਲੀ ਮੈਨੇਜਮੈਂਟ ਨੇ ਜਾਣ-ਬੁੱਝ ਕੇ ਨਜ਼ਰ ਅੰਦਾਜ ਕਰਨ ਮਗਰੋਂ ਪੁਲੀਸ ਤਸੱਦਦ ਰਾਹੀਂ ਕੁਚਲਣਾ ਸ਼ੁਰੂ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨਿੱਜੀਕਰਨ ਤੇ ਠੇਕੇਦਾਰੀਂ ਨੂੰ ਲਿਆ ਰਹੀ ਹੈ ਜਿਸ ਤਹਿਤ ਕਾਰਪੋਰੇਟ ਕੰਪਨੀਆਂ ਨੂੰ ਜਲ ਜੰਗਲ ਜਮੀਨ ਸੰਭਾਲਣ ਜਾ ਰਹੀਆਂ ਹਨ। ਇਸੇ ਤਰ੍ਹਾਂ ਹੀ ਇਹ ਸਕੂਲਾਂ, ਹਸਪਤਾਲਾਂ ਨੂੰ ਠੇਕੇਦਾਰਾਂ ਨੂੰ ਦੇ ਕੇ ਲੁੱਟ ਕਰਨ ਦੀ ਖੁੱਲ੍ਹ ਦੇਣ ਜਾ ਰਹੇ ਹਨ। ਆਗੂਆਂ ਨੇ ਮੰਗ ਕਿ ਗ੍ਰਿਫਤਾਰ ਕੀਤੇ ਟੀਚਰ, ਯੂਨੀਅਨ ਵਰਕਰ ਤੇ ਬੱਚਿਆਂ ਨੂੰ ਰਿਹਾਅ ਕੀਤਾ ਜਾਵੇ ਤੇ ਉਹਨਾਂ ਦੀਆਂ ਜਾਇਜ ਮੰਗਾਂ ਨੂੰ ਲਾਗੂ ਕੀਤਾ ਜਾਵੇ। ਧਰਨੇ ਨੂੰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾੜ, ਜਗਮੀਤ ਸਿੰਘ ਕਲਾੜ ਹਰਜੀਤ ਸਿੰਘ ਘਲੋਟੀ,ਯੁਵਰਾਜ ਸਿੰਘ ਘੁਡਾਣੀ, ਨਾਜਰ ਸਿੰਘ ਸਿਆੜ, ਹਾਕਮ ਸਿੰਘ ਜਰਗੜੀ, ਦਰਸ਼ਨ ਸਿੰਘ ਫੱਲੇਵਾਲ, ਜਸਦੀਪ ਸਿੰਘ ਜੱਸੋਵਾਲ, ਜਸਵੀਰ ਸਿੰਘ ਅਸਗਰੀਪੁਰ, ਜਸਵੀਰ ਸਿੰਘ ਖੱਟੜਾ, ਦਵਿੰਦਰ ਸਿੰਘ ਸਿਰਥਲਾ,ਹਰਜਿੰਦਰ ਸਿੰਘ, ਦਲਜੀਤ ਸਿੰਘ ,ਬਿਕਰਮਜੀਤ ਸਿੰਘ ਕਾਲਖ, ਮਲਕੀਤ ਸਿੰਘ ਖੰਨਾ, ਕੁਲਵੀਰ ਸਿੰਘ ਜੰਡ, ਸ਼ੈਰੀ ਸਿਹੌੜਾ ਨੇ ਵੀ ਸੰਬੋਧਨ ਕੀਤਾ।