ਆਪ ਉਮੀਦਵਾਰ ਵੱਲੋਂ ਬੂਥ ਪੱਧਰੀ ਸੰਪਰਕ ਮੁਹਿੰਮ ਸ਼ੁਰੂ
ਗੁਰਿੰਦਰ ਸਿੰਘ
ਲੁਧਿਆਣਾ, 12 ਅਪਰੈਲ
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਪਾਰਟੀ ਵਰਕਰਾਂ ਨਾਲ ਬੂਥ ਪੱਧਰੀ ਮੀਟਿੰਗਾਂ ਕਰਦਿਆਂ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਉਨ੍ਹਾਂ ਅੱਜ ਪੰਜਾਬ ਮਾਤਾ ਨਗਰ ਅਤੇ ਪ੍ਰਕਾਸ਼ ਨਗਰ ਕਮਿਊਨਿਟੀ ਸੈਂਟਰ ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ ਪਾਰਕ, ਸੁਨੇਤ ਪੋਸਟ ਆਫਿਸ ਰੋਡ, ਜ਼ੈੱਡ ਬਲਾਕ, ਬੈਕ ਸਾਈਡ ਵੂਮੈਨ ਸੈੱਲ ਅਤੇ ਰਾਜਪੁਰਾ ਪਿੰਡ ਆਦਿ ਖੇਤਰਾਂ ਵਿੱਚ ਮੀਟਿੰਗਾਂ ਕੀਤੀਆਂ। ਇਸ ਮੌਕੇ ਹਨੀ ਮਾਹਲਾ, ਅਮਰਿੰਦਰ ਪਾਲ ਸਿੰਘ ਐਮਪੀ ਜਵੱਦੀ, ਚੇਅਰਮੈਨ ਤਰਸੇਮ ਸਿੰਘ ਭਿੰਡਰ, ਸ਼ਰਨਪਾਲ ਸਿੰਘ ਮੱਕੜ, ਸੁਖਜਿੰਦਰ ਸਿੰਘ ਕਾਉਣੀ, ਵਿੱਕੀ ਗਨੌਰ, ਅਜੇ ਸ਼ਰਮਾ, ਪਵਨ ਅਰੋੜਾ, ਗੌਰਵ ਪੁਰੀ ਅਤੇ ਬਿੱਟੂ ਭੁੱਲਰ ਸਮੇਤ ਵੱਡੀ ਗਿਣਤੀ 'ਚ 'ਆਪ' ਵਰਕਰ ਅਤੇ ਸਮਰਥਕ ਹਾਜ਼ਰ ਸਨ।
ਇਨ੍ਹਾਂ ਮੀਟਿੰਗਾਂ ਦੌਰਾਨ ਸ੍ਰੀ ਅਰੋੜਾ ਨੇ ਹਰੇਕ ਸਥਾਨ 'ਤੇ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੌਕੇ ’ਤੇ ਹੀ ਨਿਰਦੇਸ਼ ਜਾਰੀ ਕੀਤੇ।
ਸੰਬੋਧਨ ਕਰਦਿਆਂ ਅਰੋੜਾ ਨੇ ਪਿਛਲੇ ਤਿੰਨ ਸਾਲਾਂ ਵਿੱਚ ਸੰਸਦ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਵੱਖ-ਵੱਖ ਵਿਕਾਸ ਕੰਮਾਂ 'ਤੇ ਚਾਨਣਾ ਪਾਇਆ। ਉਨ੍ਹਾਂ ਲੁਧਿਆਣਾ ਦੀ ਤਰੱਕੀ ਲਈ ਆਪਣੀ ਵਚਨਬੱਧਤਾ ਕਰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਫ਼ੈਸਲਾਕੁਨ ਜਿੱਤ ਪ੍ਰਾਪਤ ਕਰਨ ਲਈ ਲੋਕਾਂ ਤੋਂ ਸਮਰਥਨ ਦੀ ਮੰਗ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਵੀ ਪ੍ਰਸ਼ੰਸਾ ਕੀਤੀ। ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਸ਼ਾਮਲ ਹੋਏ।