ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੀਸ ਵਾਧੇ ਦੇ ਰੋਸ ਵਜੋਂ ਮਾਪਿਆਂ ਵੱਲੋਂ ਬੀਸੀਐੱਮ ਸਕੂਲ ਅੱਗੇ ਪ੍ਰਦਰਸ਼ਨ

05:53 AM Apr 23, 2025 IST
featuredImage featuredImage
ਸਕੂਲ ਅੱਗੇ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀਆਂ ਦੇ ਮਾਪੇ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 22 ਅਪਰੈਲ
ਸ਼ਹਿਰ ਦੇ ਸ਼ਾਸਤਰੀ ਨਗਰ ਦੇ ਬੀਸੀਐੱਮ ਆਰੀਆ ਸਕੂਲ ਦੇ ਬਾਹਰ ਫੀਸ ਵਾਧੇ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅੱਜ ਵੀ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਮੁੱਖ ਗੇਟ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਧੱਕੇਸ਼ਾਹੀ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਕੂਲ ਨੇ ਕਲਾਸਾਂ ਵਿੱਚ ਏਸੀ ਲਾਉਣ ਦੇ ਨਾਂ ’ਤੇ ਹਰ ਮਹੀਨੇ 700 ਰੁਪਏ ਸਕੂਲ ਫੀਸ ਵਿੱਚ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਮਾਪੇ ਪ੍ਰੇਸ਼ਾਨ ਹੋ ਰਹੇ ਹਨ। ਜਦੋਂ ਮਾਪੇ ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕਾਂ ਨੂੰ ਮਿਲਣ ਲਈ ਸਕੂਲ ਦੇ ਅੰਦਰ ਜਾਣ ਲੱਗੇ ਤਾਂ ਮੌਕੇ ’ਤੇ ਮਾਹੌਲ ਕਾਫ਼ੀ ਗਰਮ ਹੋ ਗਿਆ। ਮਾਪਿਆਂ ਤੇ ਸੁਰੱਖਿਆ ਗਾਰਡਾਂ ਵਿੱਚ ਧੱਕਾਮੁਕੀ ਵੀ ਹੋਈ। ਮਾਪਿਆਂ ਨੇ ਇਸ ਸਬੰਧੀ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਪੰਜ ਘੰਟਿਆਂ ਤੱਕ ਮਾਪੇ ਸਕੂਲ ਦੇ ਬਾਹਰ ਗਰਮੀ ਵਿੱਚ ਧਰਨਾ ਲਗਾ ਕੇ ਬੈਠੇ ਰਹੇ ਪਰ ਸਕੂਲ ਵਾਲਿਆਂ ਨੇ ਫੀਸ ਘਟਾਉਣ ਦੀ ਗੱਲ ਨਹੀਂ ਮੰਨੀ।
ਪ੍ਰਦਰਸ਼ਨ ਦੌਰਾਨ ਮਾਪਿਆਂ ਨੇ ਦੱਸਿਆ ਕਿ ਪਿਛਲੀ ਵਾਰ ਵੀ ਸਕੂਲ ਨੇ ਫੀਸਾਂ ਵਿੱਚ 30 ਫੀਸਦ ਵਾਧਾ ਕੀਤਾ ਸੀ। ਵਿਰੋਧ ਪ੍ਰਦਰਸ਼ਨ ਤੋਂ ਬਾਅਦ 16 ਫੀਸਦ ’ਤੇ ਸਮਝੌਤਾ ਹੋਇਆ। ਇਸ ਵਾਰ ਫਿਰ ਫੀਸਾਂ ਵਿੱਚ 25-28 ਫੀਸਦ ਦਾ ਵਾਧਾ ਕੀਤਾ ਗਿਆ ਹੈ। ਇਸ ਨੂੰ ਘਟਾਉਣ ਲਈ ਉਹ ਪ੍ਰਦਰਸ਼ਨ ਕਰ ਰਹੇ ਹਨ। ਹਰ ਸਾਲ ਸਕੂਲ ਆਪਣੀ ਮਰਜ਼ੀ ਅਨੁਸਾਰ ਕੰਮ ਕਰ ਰਿਹਾ ਹੈ। ਪੂਰੇ ਸਾਲ ਦੇ ਪੈਸੇ ਏਸੀ ਦੇ ਨਾਂ ’ਤੇ ਵਸੂਲੇ ਜਾ ਰਹੇ ਹਨ, ਜਦਕਿ ਏਸੀ ਸਿਰਫ਼ 2-3 ਮਹੀਨੇ ਚੱਲਣਾ ਹੈ। ਇਸ ਤੋਂ ਇਲਾਵਾ ਹੋਰ ਖਰਚੇ ਜੋੜ ਕੇ ਇਸ ਸਾਲ ਸਕੂਲ ਵਿੱਚ ਫੀਸ ’ਚ ਸਲਾਨਾ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਵਾਧਾ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਇੱਕ ਵਿਦਿਆਰਥੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇ ਸਰਕਾਰ ਚਾਹੇ ਤਾਂ ਇਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਕੰਟਰੋਲ ਕਰ ਸਕਦੀ ਹੈ। ਸਕੂਲਾਂ ਨੂੰ ਫੀਸਾਂ ਵਧਾਉਣ ਲਈ ਸਰਕਾਰ ਤੋਂ ਇਜਾਜ਼ਤ ਲੈਣੀ ਚਾਹੀਦੀ ਹੈ। ਫੀਸਾਂ ਵਧਾਉਣ ਤੋਂ ਪਹਿਲਾਂ ਉਸ ਨੂੰ ਮਾਪਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਫੀਸਾਂ ਕਿਉਂ ਵਧਾ ਰਿਹਾ ਹੈ। ਇੱਕ ਹੋਰ ਵਿਅਕਤੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵੀ ਫੀਸਾਂ ਘਟਾਉਣ ਲਈ ਵਿਰੋਧ ਪ੍ਰਦਰਸ਼ਨ ਹੋਇਆ ਸੀ। ਇੱਕ ਪ੍ਰਾਈਵੇਟ ਨੌਕਰੀ ਕਰਨ ਵਾਲਾ ਵਿਅਕਤੀ ਆਪਣੇ ਬੱਚਿਆਂ ਨੂੰ ਹੁਣ ਚੰਗੀ ਸਿੱਖਿਆ ਨਹੀਂ ਦਿਵਾ ਸਕਦਾ।

Advertisement

ਪ੍ਰਬੰਧਕਾਂ ਨੇ ਦੋ ਦਿਨਾਂ ਦਾ ਸਮਾਂ ਮੰਗਿਆ
ਵਿਧਾਇਕ ਕੁਲਵੰਤ ਸਿੱਧੂ ਨੇ ਮੌਕੇ ’ਤੇ ਪਹੁੰਚ ਕੇ ਸਕੂਲ ਪ੍ਰਬੰਧਕਾਂ ਨਾਲ ਲਗਪਗ 2 ਘੰਟੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮਾਪਿਆਂ ਨਾਲ ਦੁਰਵਿਹਾਰ ਕਰਨ ਵਾਲੇ ਸਕੂਲ ਮੁਲਾਜ਼ਮਾਂ ਨੂੰ ਵੀ ਝਿੜਕਿਆ ਗਿਆ ਅਤੇ ਭਵਿੱਖ ਵਿੱਚ ਮਾਪਿਆਂ ਨਾਲ ਅਜਿਹਾ ਵਿਹਾਰ ਨਾ ਕਰਨ ਲਈ ਕਿਹਾ ਗਿਆ। ਮੈਨੇਜਮੈਂਟ ਨੇ ਇੱਕ ਵਾਰ ਫਿਰ ਏਸੀ ਦੇ ਨਾਮ ’ਤੇ ਲਏ ਗਏ ਪੈਸੇ ਅਤੇ ਫੀਸਾਂ ਵਿੱਚ ਵਾਧੇ ਸਬੰਧੀ ਦੋ ਦਿਨ ਦਾ ਸਮਾਂ ਮੰਗਿਆ ਹੈ। ਪ੍ਰਿੰਸੀਪਲ ਅਨੁਜਾ ਕੌਸ਼ਲ ਨੇ ਦੱਸਿਆ ਕਿ ਵਿਧਾਇਕ ਅਤੇ ਮੈਨੇਜਮੈਂਟ ਵਿਚਕਾਰ ਕੀ ਚਰਚਾ ਹੋਈ, ਉਹ ਨਹੀਂ ਜਾਣਦੇ। ਫੀਸ ਕਟੌਤੀ ਤੇ ਏਸੀ ਫੀਸ ਬਾਰੇ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Advertisement
Advertisement