ਪੁਲੀਸ ਨੇ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲਏ
ਸਤਵਿੰਦਰ ਬਸਰਾ
ਲੁਧਿਆਣਾ, 22 ਅਪਰੈਲ
ਸੱਤਾਧਾਰੀ ਪਾਰਟੀ ਦੇ ਨੌਜਵਾਨ ਆਗੂ ਨਾਲ ਬਹਿਸ ਦੇ ਮਾਮੂਲੀ ਜਿਹੇ ਮਾਮਲੇ ਮਗਰੋਂ ਮੁਅੱਤਲ ਕੀਤੇ ਮੁਲਾਜ਼ਮ ਦੇ ਹੱਕ ਵਿੱਚ ਪੀਏਯੂ ਐਂਪਲਾਈਜ਼ ਯੂਨੀਅਨ ਵੱਲੋਂ ਅੱਜ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਨੂੰ ਦੇਖਦਿਆਂ ਸਵੇਰ ਸਮੇਂ ਹੀ ਯੂਨੀਵਰਸਿਟੀ ਕੈਂਪਸ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਦੌਰਾਨ ਪੁਲੀਸ ਨੇ ਕਈ ਮੁਲਾਜ਼ਮ ਹਿਰਾਸਤ ਵਿੱਚ ਲੈ ਲਏ, ਜਿਨ੍ਹਾਂ ਨੂੰ ਦੁਪਹਿਰ ਬਾਅਦ ਰਿਹਾਅ ਕਰ ਦਿੱਤਾ ਗਿਆ। ਪੁਲੀਸ ਨੇ ਰੋਸ ਪ੍ਰਦਰਸ਼ਨ ਦਾ ਐਲਾਨ ਕਰਨ ਵਾਲੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਲਈ ਉਨ੍ਹਾਂ ਦੇ ਘਰਾਂ ’ਤੇ ਵੀ ਛਾਪੇ ਮਾਰੇ।
ਮੌਕੇ ’ਤੇ ਪਹੁੰਚੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬਾ ਸਰਕਾਰ ਹੁਣ ਆਪਣੀ ਮਨਮਰਜੀ ’ਤੇ ਉੱਤਰ ਆਈ ਹੈ। ’ਵਰਸਿਟੀ ਦੇ ਸਾਰੇ ਗੇਟ ਬੰਦ ਕਰਕੇ ਮੁਲਾਜ਼ਮਾਂ ਦੇ ਹੱਕ ’ਚ ਆਉਣ ਵਾਲਿਆਂ ਲਈ ਅੜਿੱਕੇ ਖੜ੍ਹੇ ਕੀਤੇ ਗਏ। ਉਨ੍ਹਾਂ ਨੇ ਪ੍ਰਦਰਸ਼ਨ ਕਰਨ ਵਾਲੀ ਯੂਨੀਅਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਵੀ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਨੌਜਵਾਨ ‘ਆਪ’ ਆਗੂ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪੀਏਯੂ ਦੇ ਇੱਕ ਮੁਲਾਜ਼ਮ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਵਿਰੁੱਧ ਪੀਏਯੂ ਦੀ ਮੁਲਾਜ਼ਮ ਯੂਨੀਅਨ ਨੇ 22 ਅਪਰੈਲ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ। ਇਸ ਨੂੰ ਦੇਖਦਿਆਂ ਅੱਜ ਪੀਏਯੂ ਕੈਂਪਸ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ’ਵਰਸਿਟੀ ਦੇ ਗੇਟ ਨੰਬਰ 1, 3, 5 ਅਤੇ 6 ਸਵੇਰ ਤੋਂ ਹੀ ਬੰਦ ਕਰ ਦਿੱਤੇ ਗਏ ਸਨ। ਥਾਪਰ ਹਾਲ ਦੇ ਬਾਹਰ ਜਿਸ ਥਾਂ ’ਤੇ ਇਨ੍ਹਾਂ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕਰਨਾ ਸੀ, ਉੱਥੇ ਖੁਦ ਪੁਲੀਸ ਕਮਿਸ਼ਨਰ ਹੋਰ ਕਈ ਉੱਚ ਅਧਿਕਾਰੀਆਂ ਨਾਲ ਪਹੁੰਚੇ ਹੋਏ ਸਨ। ਇਸ ਦੌਰਾਨ ਜਦੋਂ ਪੀਏਯੂ ਮੁਲਾਜ਼ਮ ਸਵੇਰੇ 9-10 ਵਜੇ ਰੋਸ ਪ੍ਰਦਰਸ਼ਨ ਕਰਨ ਲਈ ਆਉਣੇ ਸ਼ੁਰੂ ਹੋਏ ਤਾਂ ਇਨ੍ਹਾਂ ’ਚੋਂ 18 ਦੇ ਕਰੀਬ ਮੁਲਾਜ਼ਮਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਬਿਠਾ ਲਿਆ, ਜਿਨ੍ਹਾਂ ਨੂੰ ਬਾਅਦ ਦੁਪਹਿਰ ਰਿਹਾਅ ਕਰ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਨੂੰ ਬਿਨਾਂ ਕੋਈ ਕਾਰਨ ਦੱਸਿਆਂ ਸਿਰਫ ‘ਆਪ’ ਆਗੂ ਨੂੰ ਖੁਸ਼ ਕਰਨ ਲਈ ਮੁਅੱਤਲ ਕੀਤਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੀਏਯੂ ਦਾ ਕੈਂਪਸ ਵਿਧਾਨ ਸਭਾ ਹਲਕਾ (ਪੱਛਮੀ) ਵਿੱਚ ਪੈਂਦਾ ਹੈ, ਜਿੱਥੇ ਅਗਲੇ ਦਿਨਾਂ ’ਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਪੀਏਯੂ ਕੈਂਪਸ ਨੂੰ ਪੁਲੀਸ ਛਾਉਣੀ ਬਣਾਉਣ ਨਾਲ ਵਿਰੋਧੀ ਪਾਰਟੀਆਂ ਨੂੰ ਵੱਡਾ ਮੁੱਦਾ ਮਿਲ ਗਿਆ ਹੈ।
ਮੁਅੱਤਲ ਮੁਲਾਜ਼ਮ ਨੂੰ ਜਲਦੀ ਕੀਤਾ ਜਾ ਸਕਦੈ ਬਹਾਲ
ਪੀਏਯੂ ਐਂਪਲਾਈਜ਼ ਯੂਨੀਅਨ ਦੇ ਹੱਕ ਵਿੱਚ ਆਈਆਂ ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨਜ਼, ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰਜ਼ ਵੈਲਫੇਅਰ ਐਸੋਸੀਏਸ਼ਨਾਂ, ਪੀਏਯੂ ਰਿਟਾਇਰੀਜ਼, ਪੈਨਸ਼ਨਰਜ ਅਤੇ ਏਟਕ ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਡੀਪੀ ਮੌੜ, ਨਰੇਸ਼ ਗੌੜ, ਡਾ. ਗੁਲਜ਼ਾਰ ਪੰਧੇਰ, ਜੁਗਿੰਦਰ ਰਾਮ, ਵਿਜੇ ਕੁਮਾਰ, ਐੱਮਐੱਸਮ ਭਾਟੀਆ ਅਤੇ ਕੇਵਲ ਸਿੰਘ ਬਣਵੈਤ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ, ਉਪ ਕੁਲਪਤੀ ਅਤੇ ਪੁਲੀਸ ਕਮਿਸ਼ਨਰ ਦੀ ਹਾਜ਼ਰੀ ਵਿੱਚ ਪੀਏਯੂ ਪ੍ਰਬੰਧਕਾਂ ਦੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨਾਲ ਹੋਈ ਗੱਲਬਾਤ ਦੌਰਾਨ ਮੁਅੱਤਲ ਕੀਤੇ ਮੁਲਾਜ਼ਮ ਨੂੰ ਜਲਦੀ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਐਡਵੋਕੇਟ ਘੁੰਮਣ ਵੱਲੋਂ ਪੀਏਯੂ ਮੁਲਾਜ਼ਮ ਲਈ ਕਾਨੂੰਨੀ ਲੜਾਈ ਲੜਨ ਦਾ ਐਲਾਨ
ਸੀਨੀਅਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਜੇਐੱਲਏ ਨੂੰ ਬਿਨਾਂ ਕਾਰਨ ਮੁੱਅਤਲ ਕਰਨ ਦੇ ਵਿਰੋਧ ਵਿੱਚ ਪੀਏਯੂ ਕਰਮਚਾਰੀ ਯੂਨੀਅਨ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਹਰ ਕਾਨੂੰਨੀ ਲੜਾਈ ਲੜਨ ਦਾ ਭਰੋਸਾ ਦਿੱਤਾ ਹੈ। ਅੱਜ ਮੁਅੱਤਲੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਮਿਲਣ ਮਗਰੋਂ ਐਡਵੋਕੇਟ ਘੁੰਮਣ ਪੀਏਯੂ ਪੁੱਜੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਸ਼ਹਿ ’ਤੇ ਪੁਲੀਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਉਹ ਮੁਲਾਜ਼ਮਾਂ ਨਾਲ ਡੱਟ ਕੇ ਖੜ੍ਹਨਗੇ। ਐਡਵੋਕੇਟ ਘੁੰਮਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਪਿਛਲੇ 3 ਸਾਲਾਂ ਤੋਂ ਲਗਾਤਾਰ ਆਪਣੇ ਹੱਕਾਂ ਲਈ ਲੜਾਈ ਲੜਨ ਵਾਲੇ ਲੋਕਾਂ ਦੀ ਆਵਾਜ਼ ਦਬਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਰੋਸ ਪ੍ਰਦਰਸ਼ਨ ਕਰ ਰਹੇ ਪੀਏਯੂ ਦੇ ਮੁਲਾਜ਼ਮਾਂ ਦੇ ਨਾਲ ਨਾਲ ਕੌਂਸਲਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਸੱਭ ਕੁਝ ਹਲਕਾ ਪੱਛਮੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਦੇ ਨਜ਼ਦੀਕੀ ਸਾਥੀ ਨਾਲ ਹੋਏ ਮਮੂਲੀ ਵਿਵਾਦ ਤੋਂ ਬਾਅਦ ਹੋਇਆ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਜਿਸ ਮੁਲਾਜ਼ਮ ਨੂੰ ਮੁਅੱਤਲ ਕੀਤਾ ਗਿਆ ਹੈ ਉਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਇੱਕ ਐਡਵੋਕੇਟ ਹੋਣ ਦੇ ਨਾਤੇ ਉਹ ਅਪਣੇ ਵਕੀਲ ਭਾਈਚਾਰੇ ਦੀ ਟੀਮ ਨਾਲ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਪੀਏਯੂ ਦੇ ਮੁਲਾਜ਼ਮਾਂ ਨੂੰ ਰਿਹਾਅ ਕਰਵਾਉਣ ਲਈ ਕਾਨੂੰਨੀ ਲੜਾਈ ਲੜਨਗੇ।