ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਉਕੇ ’ਚ ਅਧਿਆਪਕਾਂ ’ਤੇ ਹੋਏ ਤਸ਼ੱਦਦ ਦਾ ਵਿਰੋਧ

07:05 AM Apr 07, 2025 IST
ਰੋਸ ਪ੍ਰਗਟ ਕਰਦੇ ਹੋਏ ਡੀਟੀਐੱਫ ਨਾਲ ਸਬੰਧਤ ਅਧਿਆਪਕ ਆਗੂ। -ਫੋਟੋ: ਸ਼ੇਤਰਾ

ਜਸਬੀਰ ਸਿੰਘ ਸ਼ੇਤਰਾ

Advertisement

ਜਗਰਾਉਂ, 6 ਅਪਰੈਲ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਪੁੁਲੀਸ ਵੱਲੋਂ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ’ਤੇ ਢਾਹੇ ਤਸ਼ੱਦਦ ਖ਼ਿਲਾਫ਼ ਅੱਜ ਇਥੇ ਰੋਸ ਪ੍ਰਗਟ ਕੀਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਆਦਰਸ਼ ਸਕੂਲ ਚਾਉਕੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਵਿਦਿਆਰਥੀਆਂ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਖ਼ਿਲਾਫ਼ ਬੋਲਣ ਵਾਲੇ ਅਧਿਆਪਕਾਂ ਨੂੰ ਇਸ ਪ੍ਰਬੰਧਕੀ ਕਮੇਟੀ ਵੱਲੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ ਜਿਸ ਖ਼ਿਲਾਫ਼ ਇਹ ਪੀੜਤ ਅਧਿਆਪਕ, ਬੱਚਿਆਂ ਦੇ ਮਾਪੇ ਅਤੇ ਭਰਾਤਰੀ ਜਥੇਬੰਦੀਆਂ ਸਕੂਲ ਅੱਗੇ ਲਗਾਤਾਰ ਧਰਨਾ ਲਗਾ ਕੇ ਹੱਕੀ ਸੰਘਰਸ਼ ਕਰ ਰਹੀਆਂ ਸਨ।

ਪਿਛਲੇ ਦਿਨੀਂ ਪੰਜਾਬ ਪੁਲੀਸ ਵੱਲੋਂ ਇਸ ਮੋਰਚੇ ’ਤੇ ਹਮਲਾ ਕਰਕੇ ਅਧਿਆਪਕਾਂ ਦੀ, ਮਾਪਿਆਂ ਦੀ ਅਤੇ ਭਰਾਤਰੀ ਆਗੂਆਂ ਦੀ ਜ਼ਾਲਮਾਨਾ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਔਰਤ ਅਧਿਆਪਕਾਂ ਨੂੰ ਗੁੱਤਾਂ ਤੋਂ ਫੜ ਕੇ ਸੜਕਾਂ ’ਤੇ ਘੜੀਸਿਆ ਗਿਆ। ਸੜਕਾਂ 'ਤੇ ਡਾਂਗਾਂ ਦਾ ਮੀਂਹ ਵਰ੍ਹਾ ਕੇ ਪੱਗਾਂ ਰੋਲੀਆਂ ਗਈਆਂ। ਲੋਕ ਸੰਘਰਸ਼ ਦੇ ਜ਼ੋਰ ਰਿਹਾਈਆਂ ਕਰਵਾ ਕੇ ਅਧਿਆਪਕ ਫਿਰ ਸਕੂਲ ਅੱਗੇ ਮੋਰਚਾ ਲਗਾ ਕੇ ਡਟ ਗਏ। ਰਾਤ ਨੂੰ ਪੁਲੀਸ ਦੀਆਂ ਧਾੜਾਂ ਨੇ ਫਿਰ ਉਹੀ ਜਬਰ ਢਾਹਿਆ ਹੈ। ਹਾਜ਼ਰ ਅਧਿਆਪਕਾਂ, ਮਾਪਿਆਂ, ਕਿਸਾਨ ਆਗੂਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਥਾਣੇ ਵਿੱਚ ਡੱਕ ਦਿੱਤਾ ਹੈ। ਇਸ ਦੇ ਵਿਰੋਧ ਵਿੱਚ ਡੀਟੀਐੱਫ ਨੇ ਅੱਜ ਸਰਕਾਰ ਦੀ ਅਰਥੀ ਵੀ ਫੂਕੀ।

Advertisement

ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਸਿੱਧਵਾਂ ਬੇਟ ਦੇ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ, ਪਰਮਜੀਤ ਦੁੱਗਲ, ਰਾਣਾ ਆਲਮਦੀਪ ਨੇ ਕਿਹਾ ਕਿ ਸਰਕਾਰ ਹੁਣ ਸਾਡੇ ਸਕੂਲਾਂ ਵਿੱਚ ਸਿਆਸੀ ਦਖ਼ਲਅੰਦਾਜੀ ਕਰ ਰਹੀ ਹੈ। ਆਈਏਐਸ ਅਫ਼ਸਰਾਂ ਨੂੰ ਸਾਡੇ ਸਿਰਾਂ 'ਤੇ ਬਿਠਾ ਰਹੀ ਹੈ। ਸਿਰਫ਼ ਐਮੀਨੈਂਸ ਸਕੂਲਾਂ ਨੂੰ ਚਮਕਾ ਕੇ ਉਨ੍ਹਾਂ ਨੂੰ ਕੰਪਨੀਆਂ ਹਵਾਲੇ ਕੀਤਾ ਜਾਣਾ ਅਤੇ ਬਾਕੀ ਸਕੂਲਾਂ ਲਈ ਬੰਦ ਹੋਣ ਵਾਲੇ ਹਾਲਾਤ ਪੈਦਾ ਕਰ ਰਹੀ ਹੈ। ਇਸ ਦੇ ਨਾਲ ਰੁਜ਼ਗਾਰ ਵੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਸਭ ਕੁਝ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਸੜਕਾਂ ’ਤੇ ਆ ਕੇ ਲੜਾਈ ਦੇਣਗੇ। ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵੀ ਸਹਿਯੋਗ ਵਜੋਂ ਹਾਜ਼ਰੀ ਲਗਾਈ ਗਈ। ਇਸ ਮੌਕੇ ਅਸ਼ੋਕ ਭੰਡਾਰੀ, ਹਰਭਜਨ ਸਿੰਘ ਸਿੱਧੂ, ਅੰਕਿਤ ਕਥੇਰੀਆ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਤੁਲਸੀ ਦਾਸ, ਅੰਮ੍ਰਿਤੇਸ਼ਵਰ ਸਿੰਘ, ਰਣਜੀਤ ਮਣੀ, ਅਮਰਦੀਪ ਕੁਮਾਰ, ਸੰਦੀਪ ਕੁਮਾਰ, ਹਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ। 

Advertisement