ਗੁਰਦੇਵ ਨਗਰ ਵਾਸੀਆਂ ਵੱਲੋਂ ਜ਼ਿਮਨੀ ਚੋਣ ਦੇ ਬਾਈਕਾਟ ਦਾ ਐਲਾਨ
ਗੁਰਿੰਦਰ ਸਿੰਘ
ਲੁਧਿਆਣਾ, 6 ਅਪਰੈਲ
ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਸਬੰਧੀ ਕਾਂਗਰਸ ਪਾਰਟੀ ਅਤੇ ‘ਆਪ’ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ਤਹਿਤ ਵੱਖ ਵੱਖ ਇਲਾਕਿਆਂ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪਰ ਦੂਜੇ ਪਾਸੇ ਹਲਕੇ ਵਿੱਚ ਪੈਂਦੇ ਗੁਰਦੇਵ ਨਗਰ ਦੇ ਵਸਨੀਕਾਂ ਨੇ ਚੋਣ ਬਾਈਕਾਟ ਦਾ ਐਲਾਨ ਕੀਤਾ ਹੈ। ਅੱਜ ਇੱਥੇ ਇਲਾਕੇ ਦੇ ਪ੍ਰਮੁੱਖ ਵਸਨੀਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਚੋਰਾਂ ਦਾ ਰਾਜ ਹੈ ਅਤੇ ਰਾਤ ਨੂੰ ਬਦਮਾਸ਼ ਬੇਖੌਫ਼ ਹੋ ਕੇ ਘੁੰਮਦੇ ਹਨ ਜਿਸ ਨਾਲ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਚੋਣ ਬਾਈਕਾਟ ਦਾ ਐਲਾਨ ਕਰਦਿਆਂ ਕਿਹਾ ਕਿ ਲਗਾਤਾਰ ਵੱਧ ਰਹੀਆਂ ਘਟਨਾਵਾਂ ਕਾਰਨ ਉਹ ਇਸ ਇਲਾਕੇ ਵਿੱਚ ਸੁਰੱਖਿਅਤ ਨਹੀਂ ਹਨ ਅਤੇ ਚੋਰੀਆਂ ਰੋਕਣ ਵਿੱਚ ਪੁਲੀਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਇਸ ਲਈ ਉਹ ਵੋਟਾਂ ਨਹੀਂ ਪਾਉਣਗੇ।
ਉਨ੍ਹਾਂ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਗੁੱਸਾ ਜ਼ਾਹਿਰ ਕਰਦਿਆਂ ਮੀਡੀਆ ਨੂੰ ਵੀਡਿਓ ਕਲਿੱਪ ਵੀ ਵਿਖਾਈਆਂ ਜਿਸ ਵਿੱਚ ਰਾਤ ਨੂੰ ਗ਼ੈਰ ਸਮਾਜਿਕ ਅਨਸਰ ਇਲਾਕੇ ਵਿੱਚ ਘੁੰਮਦੇ ਵਿਖਾਈ ਦਿੰਦੇ ਹਨ।
ਇਲਾਕਾ ਨਿਵਾਸੀ ਮਨੋਜ ਢਾਂਡਾ ਨੇ ਕਿਹਾ ਕਿ ਉਨ੍ਹਾਂ ਦਾ ਇਹ ਇਲਾਕਾ ਪਹਿਲਾਂ ਪੂਰੀ ਤਰ੍ਹਾਂ ਸੁਰੱਖਿਅਤ ਸੀ ਪਰ ਹੁਣ ਤਕਰੀਬਨ ਪਿਛਲੇ ਦੋ ਮਹੀਨਿਆਂ ਤੋਂ ਇੱਥੇ ਅਪਰਾਧਿਕ ਵਾਰਦਾਤਾਂ ਵਧ ਗਈਆਂ ਹਨ। ਰਾਤ ਨੂੰ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੀਆਂ ਬੈਟਰੀਆਂ ਚੋਰੀ ਹੋਣ ਦੀਆਂ ਘਟਨਾਵਾਂ ਵੱਧ ਗਈਆਂ ਹਨ। ਸਰਕਾਰੀ ਬਿਜਲੀ ਮੀਟਰ ਦੀਆਂ ਤਾਰਾਂ ਅੱਧੀ ਰਾਤ ਨੂੰ ਕੱਟੀਆਂ ਜਾਂਦੀਆਂ ਹਨ ਅਤੇ ਕਈ ਘਰਾਂ ਦੇ ਤਾਂ ਬਿਜਲੀ ਮੀਟਰ ਵੀ ਚੋਰੀ ਹੋ ਚੁੱਕੇ ਹਨ। ਉਨ੍ਹਾਂ ਜਾਨ ਅਤੇ ਮਾਲ ਦੀ ਰਾਖੀ ਦੀ ਮੰਗ ਵੀ ਕੀਤੀ। ਇਸ ਮੌਕੇ ਸੁਭਾਸ਼ ਮੋਂਗਾ, ਵਿਕਰਮ ਦੱਤ ਕਪੂਰ, ਅਮਿਤ ਮਿੱਤਲ, ਰਵਿੰਦਰ ਪਾਲ ਸਿੰਘ ਘਈ ਅਤੇ ਰਾਜਨ ਵਿਆਸ ਵੀ ਮੌਜੂਦ ਸਨ।