ਮਾਝਾ ਪ੍ਰੈੱਸ ਕਲੱਬ ਵੱਲੋਂ ਪੱਤਰਕਾਰਾਂ ਦੀਆਂ ਮੁਸ਼ਕਲਾਂ ’ਤੇ ਚਰਚਾ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 2 ਅਪਰੈਲ
ਸਥਾਨਕ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਲੱਬ ਦੀਆਂ ਗਤੀਵਿਧੀਆਂ ਤੇ ਪੱਤਰਕਾਰਾਂ ਨੂੰ ਫੀਲਡ ’ਚ ਕੰਮ ਕਰਦੇ ਸਮੇਂ ਦਰਪੇਸ਼ ਮੁਸ਼ਕਿਲਾਂ ਤੇ ਉਨ੍ਹਾਂ ਦੇ ਹੱਲ ’ਤੇ ਚਰਚਾ ਕੀਤੀ ਗਈ। ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਆਖਿਆ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਲਈ 5 ਲੱਖ ਤੱਕ ਦਾ ਇਲਾਜ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿਚ ਮੁਫਤ ਇਲਾਜ ਯੋਜਨਾ ਚੱਲ ਰਹੀ ਹੈ, ਜਿਸ ਤਹਿਤ ਪੱਤਰਕਾਰਾਂ ਦੇ ਆਯੂਸ਼ਮਾਨ ਯੋਜਨਾ ਕਾਰਡ ਬਣੇ ਹਨ। ਉਨ੍ਹਾਂ ਕਿਹਾ ਕਿ ਪਰ ਸਰਕਾਰ ਵਲੋਂ ਕੇਵਲ ਐਕਰੀਡੇਸ਼ਨ ਤੇ ਪੀਲਾ ਕਾਰਡ ਹੋਲਡਰ ਪੱਤਰਕਾਰਾਂ ਦੇ ਅਯੂਸ਼ਮਾਨ ਯੋਜਨਾ ਕਾਰਡ ਬਣਾਏ ਜਾ ਰਹੇ ਹਨ। ਨਾਗੀ ਨੇ ਸਰਕਾਰ ਤੋਂ ਮੰਗ ਕੀਤੀ ਐਕਰੀਡੇਸ਼ਨ ਤੇ ਪੀਲਾ ਕਾਰਡ ਹੋਲਡਰ ਪੱਤਰਕਾਰ ਦੇ ਨਾਲ-ਨਾਲ ਫੀਲਡ ਵਿਚ ਕੰਮ ਕਰਦੇ ਸਰਗਰਮ ਪੱਤਰਕਾਰਾਂ ਨੂੰ ਵੀ ਇਸ ਯੋਜਨਾ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਜਨਰਲ ਸਕੱਤਰ ਜਸਵੰਤ ਸਿੰਘ ਮਾਂਗਟ ਨੇ ਨਵੇਂ ਸ਼ਾਮਲ ਹੋਏ ਪੱਤਰਕਾਰ ਸਾਜਨ ਧਵਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਾਲਾਘਾ ਕੀਤੀ ਗਈ।