For the best experience, open
https://m.punjabitribuneonline.com
on your mobile browser.
Advertisement

War Against Drugs: ਨਸ਼ਿਆਂ ਖ਼ਿਲਾਫ਼ ਰਾਜਪਾਲ ਦਾ ਪੈਦਲ ਮਾਰਚ ਅੰਮ੍ਰਿਤਸਰ ਪੁੱਜਾ

02:11 PM Apr 07, 2025 IST
war against drugs  ਨਸ਼ਿਆਂ ਖ਼ਿਲਾਫ਼ ਰਾਜਪਾਲ ਦਾ ਪੈਦਲ ਮਾਰਚ ਅੰਮ੍ਰਿਤਸਰ ਪੁੱਜਾ
ਨਸ਼ਿਆਂ ਵਿਰੁੱਧ ਮਾਰਚ ਦੀ ਅਗਵਾਈ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
Advertisement

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੇ ਖ਼ਾਤਮੇ ਲਈ ਸੂਬੇ ਦੇ ਲੋਕਾਂ ਤੋਂ ਸਹਿਯੋਗ ਮੰਗਿਆ; ਗੁਰੂ ਨਗਰੀ ਵਿਚ ਥਾਂ-ਥਾਂ ਹੋਇਆ ਪੈਦਲ ਮਾਰਚ ਦਾ ਨਿੱਘਾ ਸਵਾਗਤ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਪਰੈਲ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸ਼ੁਰੂ ਕੀਤਾ ਗਿਆ ਪੈਦਲ ਮਾਰਚ ਅੱਜ ਪੰਜਵੇਂ ਦਿਨ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋਇਆ। ਮਾਰਚ ਦੀ ਅਗਵਾਈ ਕਰ ਰਹੇ ਰਾਜਪਾਲ ਨੇ ਰਾਜ ਵਿੱਚੋਂ ਨਸ਼ੇ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਯੋਧਿਆਂ, ਪੈਗੰਬਰਾਂ, ਖਿਡਾਰੀਆਂ, ਦੇਸ਼ ਭਗਤਾਂ ਦੀ ਧਰਤੀ ਹੈ ਅਤੇ ਇਸ ਦੀ ਇਹੀ ਪਛਾਣ ਬਣੀ ਰਹਿਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਉੱਤੇ ਕੋਈ ਸੰਕਟ ਪਿਆ ਹੈ ਤਾਂ ਪੰਜਾਬ ਵਾਸੀਆਂ ਨੇ ਅੱਗੇ ਹੋ ਕੇ ਇਸ ਦਾ ਸਾਹਮਣਾ ਕੀਤਾ। ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਵੀ ਪੰਜਾਬ ਦੇ ਸੂਰਬੀਰਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਨਸ਼ੇ ਦਾ ਘੁਣ ਪੰਜਾਬ ਨੂੰ ਲੱਗਾ ਹੈ ਜਿਸ ਨੂੰ ਖਤਮ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕਾਂ ਦਾ ਸਾਥ ਨਹੀਂ ਮਿਲਦਾ ਨਸ਼ਿਆਂ ਵਿਰੁੱਧ ਯੁੱਧ ਵਿੱਚ ਜਿੱਤ ਅਸੰਭਵ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਪਣੇ ਬੱਚਿਆਂ, ਪਰਿਵਾਰ ਦੇ ਨਾਲ ਨਾਲ ਆਪਣੇ ਆਂਢੀਆਂ- ਗੁਆਂਢੀਆਂ ਦੇ ਬੱਚਿਆਂ ਪ੍ਰਤੀ ਵੀ ਚੇਤੰਨ ਰਹੋ। ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡ ਮੈਦਾਨਾਂ ਤੱਕ ਵੀ ਪਹੁੰਚ ਦਿਓ ਤਾਂ ਜੋ ਉਹ ਮੋਬਾਈਲ ਤੂੰ ਦੂਰ ਰਹਿ ਕੇ ਸਮਾਜ ਨਾਲ ਜੁੜਨ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਖੇਡਾਂ ਦੇ ਵਿਸ਼ਵ ਪੱਧਰੀ ਮੈਦਾਨ ਤਿਆਰ ਕਰਨੇ ਚਾਹੀਦੇ ਹਨ ਤਾਂ ਕਿ ਬੱਚੇ ਖੇਡਾਂ ਲਈ ਉਤਸ਼ਾਹਤ ਹੋਣ। ਇਸ ਤੋਂ ਇਲਾਵਾ ਮਾਪਿਆਂ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਖੇਤੀ, ਆਪਣੇ ਵਪਾਰ ਨਾਲ ਜੋੜ ਕੇ ਉਨ੍ਹਾਂ ਨੂੰ ਕਿਰਤ ਦੀ ਆਦਤ ਪਾਉਣ, ਕਿਉਂਕਿ ‘ਵਿਹਲਾ ਮਨ ਸ਼ੈਤਾਨ ਦਾ ਘਰ’ ਹੁੰਦਾ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਹੁਨਰ ਸਿਖਾਇਆ ਜਾ ਸਕਦਾ ਹੈ ਤਾਂ ਕਿ ਬੱਚੇ ਅੱਗੇ ਚੱਲ ਕੇ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ।
ਉਨ੍ਹਾਂ ਕਿਹਾ ਕਿ ਨਸ਼ਾ ਕੇਵਲ ਪੰਜਾਬ ਦੀ ਸਮੱਸਿਆ ਲਈ ਇਹ ਸਾਰੇ ਦੇਸ਼ ਵਿੱਚ ਹੀ ਹੈ ਪਰ ਪੰਜਾਬ ਵਿੱਚ ਇਹ ਸਮੱਸਿਆ ਥੋੜਾ ਜ਼ਿਆਦਾ ਹੈ। ਸਰਹੱਦੀ ਸੂਬਾ ਹੋਣ ਕਰ ਕੇ ਇੱਥੇ ਨਸ਼ੇ ਦੀ ਮੌਜੂਦਗੀ ਵੱਧ ਹੈ, ਜਿਸ ਕਰਕੇ ਸਾਨੂੰ ਧਿਆਨ ਦੇਣ ਦੀ ਲੋੜ ਹੈ।
ਅੱਜ ਇਸ ਮਾਰਚ ਵਿੱਚ ਕੌਮਾਂਤਰੀ ਹਾਕੀ ਖਿਡਾਰੀ ਤੇਜਵੀਰ ਸਿੰਘ ਹੁੰਦਲ ਅਤੇ ਜੁਗਰਾਜ ਸਿੰਘ ਨੇ ਵੀ ਹਿੱਸਾ ਲਿਆ। ਇਸ ਤੋਂ ਇਲਾਵਾ ਸੰਸਦ ਮੈਂਬਰ ਵਿਕਰਮਜੀਤ ਸਾਹਨੀ, ਅਵਿਨਾਸ਼ ਰਾਏ ਖੰਨਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਕਰਮਜੀਤ ਸਿੰਘ, ਲਕਸ਼ਮੀ ਕਾਂਤਾ ਚਾਵਲਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਰਲਡ ਪੰਜਾਬੀ ਆਰਗਨਾਈਜ਼ੇਸ਼ਨ ਦੇ ਮੀਤ ਪ੍ਰਧਾਨ ਕਰਨ ਗਲਹੋਤਰਾ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਪੈਦਲ ਮਾਰਚ ਵਿੱਚ ਸ਼ਾਮਿਲ ਹੋਈਆਂ। ਰਸਤੇ ਵਿੱਚ ਸ਼ਹਿਰ ਦੀਆਂ ਟਰੇਡ, ਸਨਅਤ ਅਤੇ ਕਾਰੋਬਾਰ ਨਾਲ ਹੋਰ ਜੁੜੀਆਂ ਐਸੋਸੀਏਸ਼ਨ ਵੱਲੋਂ ਰਾਜਪਾਲ ਪੰਜਾਬ ਦਾ ਸਨਮਾਨ ਕੀਤਾ ਗਿਆ।
ਰਾਜਪਾਲ ਨੇ ਪੇਂਡੂ ਸੁਰੱਖਿਆ ਕਮੇਟੀਆਂ ਨਾਲ ਕੀਤੀ ਮੀਟਿੰਗ
ਇਸ ਤੋਂ ਬਾਅਦ ਰਾਜਪਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੇਂਡੂ ਸੁਰੱਖਿਆ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸੱਦਾ ਦਿੱਤਾ ਕਿ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਸੁਰੱਖਿਆ ਕਮੇਟੀਆਂ ਨੂੰ ਸੁਰੱਖਿਆ ਏਜੰਸੀਆਂ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਸੁਰੱਖਿਆ ਕਮੇਟੀਆਂ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਇਹ ਹਰੇਕ ਤਰ੍ਹਾਂ ਦੀ ਮੁਸ਼ਕਿਲ ਦਾ ਮੁਕਾਬਲਾ ਕਰ ਸਕਣ।

Advertisement

Advertisement
Advertisement
Advertisement
Author Image

Balwinder Singh Sipray

View all posts

Advertisement