ਮਾਛੀਵਾੜਾ ’ਚ ਲਾਗੂ ਨਾ ਹੋਇਆ 4 ਅਪਰੈਲ ਤੱਕ ਜ਼ਮੀਨਾਂ ਦੇ ਇੰਤਕਾਲ ਕਰਨ ਦਾ ਹੁਕਮ
ਪੱਤਰ ਪ੍ਰੇਰਕ
ਮਾਛੀਵਾੜਾ, 4 ਅਪਰੈਲ
ਮੁੱਖ ਮੰਤਰੀ ਵੱਲੋਂ 4 ਅਪਰੈਲ ਤੱਕ ਜਾਇਦਾਦਾਂ ਦੇ ਇੰਤਕਾਲ ਦਾ ਕੰਮ ਮੁਕੰਮਲ ਕਰਨ ਸਬੰਧੀ ਕੀਤਾ ਹੁਕਮ ਮਾਛੀਵਾੜਾ ਸਬ-ਤਹਿਸੀਲ ਵਿੱਚ ਲਾਗੂ ਨਹੀਂ ਹੋਇਆ ਕਿਉਂਕਿ ਇੱਥੇ ਨਾਇਬ ਤਹਿਸੀਲਦਾਰ ਛੁੱਟੀ ’ਤੇ ਹੈ ਜਿਸ ਕਾਰਨ ਸੈਂਕੜੇ ਰਜਿਸਟਰੀਆਂ ਦੇ ਇੰਤਕਾਲਾਂ ਦਾ ਕੰਮ ਲਟਕਿਆ ਹੋਇਆ ਹੈ। ਪਿਛਲੇ ਸਮੇਂ ਦੌਰਾਨ ਮਾਲ ਵਿਭਾਗ ਦੇ ਤਹਿਸੀਲਦਾਰਾਂ ਦੀ ਹੜਤਾਲ ਤੋਂ ਖਫ਼ਾ ਹੋਏ ਮੁੱਖ ਮੰਤਰੀ ਨੇ ਪੰਜਾਬ ਦੀਆਂ ਕਈ ਤਹਿਸੀਲਾਂ ਵਿੱਚ ਕਾਨੂੰਨਗੋ ਨੂੰ ਰਜਿਸਟਰੀਆਂ ਦਾ ਕੰਮ ਸੌਂਪ ਦਿੱਤਾ ਸੀ ਤੇ ਵੱਡੇ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਸਨ।
ਮਾਛੀਵਾੜਾ ਸਬ-ਤਹਿਸੀਲ ਵਿੱਚ ਵੀ ਇਸ ਵੇਲੇ ਰਜਿਸਟਰੀਆਂ ਦਾ ਕੰਮ ਤਾਇਨਾਤ ਕਾਨੂੰਨਗੋ ਅਧਿਕਾਰੀ ਵੱਲੋਂ ਕੀਤਾ ਜਾਂਦਾ ਹੈ ਤੇ ਵਾਧੂ ਚਾਰਜ ਨਾਇਬ ਤਹਿਸੀਲਦਾਰ ਕੋਲ ਵੀ ਹੈ। ਸਬ-ਤਹਿਸੀਲ ਵਿੱਚ ਕਾਨੂੰਨਗੋ ਲਗਾਤਾਰ ਕੰਮ ਕਰ ਰਿਹਾ ਹੈ ਪਰ ਇੰਤਕਾਲ ਦਰਜ ਕਰਨ ਦਾ ਕੰਮ ਸਮਰਾਲਾ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਕੋਲ ਹੈ ਜੋ ਪਿਛਲੇ ਕਈ ਦਿਨਾਂ ਤੋਂ ਛੁੱਟੀ ’ਤੇ ਹੋਣ ਕਾਰਨ ਇਹ ਕੰਮ ਰੁਕ ਗਿਆ ਹੈ।
ਮਾਛੀਵਾੜਾ ਸਬ ਤਹਿਸੀਲ ਵਿਖੇ ਤਾਇਨਾਤ ਮਾਲ ਵਿਭਾਗ ਦੇ ਪਟਵਾਰੀਆਂ ਅਨੁਸਾਰ ਉਨ੍ਹਾਂ ਵੱਲੋਂ 300 ਤੋਂ ਵੱਧ ਇੰਤਕਾਲ ਦਰਜ ਕੀਤੇ ਜਾ ਚੁੱਕੇ ਹਨ ਤੇ ਕੋਈ ਕੰਮ ਬਕਾਇਆ ਨਹੀਂ ਹੈ ਪਰ ਨਾਇਬ ਤਹਿਸੀਲਦਾਰ ਦੇ ਆਉਣ ਮਗਰੋਂ ਹੀ ਇੰਤਕਾਲ ਦਾ ਕੰਮ ਸਿਰੇ ਚੜ੍ਹ ਸਕੇਗਾ।
ਅਗਲੇ ਹਫ਼ਤੇ ਮੁਕੰਮਲ ਕੀਤਾ ਜਾਵੇਗਾ ਕੰਮ: ਕਾਨੂੰਨਗੋ
ਕਾਨੂੰਨਗੋ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਛੁੱਟੀ ’ਤੇ ਗਏ ਹੋਣ ਕਾਰਨ ਮਾਛੀਵਾੜਾ ਸਬ-ਤਹਿਸੀਲ ਵਿੱਚ ਇੰਤਕਾਲਾਂ ਦਾ ਕੰਮ ਪੈਂਡਿੰਗ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤੋਂ ਨਾਇਬ ਤਹਿਸੀਲਦਾਰ ਕੰਮ ’ਤੇ ਵਾਪਸ ਆ ਜਾਣਗੇ ਜਿਸ ਤੋਂ ਬਾਅਦ ਪੈਂਡਿੰਗ ਪਏ ਇੰਤਕਾਲਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।