ਮਹਿਲਾ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਣ ਦੇ ਮਾਮਲੇ ’ਚ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ
ਰਾਜਪੁਰਾ, 7 ਅਪਰੈਲ
ਰਾਜਪੁਰਾ ਦੇ ਨੇੜਲੇ ਪਿੰਡ ਜਨਸੂਆ ਵਿੱਚ ਬੀਤੇ ਦਿਨ ਇਕ ਮਹਿਲਾ ਨਾਲ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਕੀਤੀ ਬੇਹੁਰਮਤੀ ਅਤੇ ਪੀੜਤ ਮਹਿਲਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਸਦਰ ਥਾਣਾ ਰਾਜਪੁਰਾ ਦੀ ਪੁਲੀਸ ਨੇ ਇਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਕੁਲਦੀਪ ਪੁੱਤਰ ਬਿੱਟੂ ਅਤੇ ਬਿੱਟੂ ਪੁੱਤਰ ਸਿਨਕੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਮਹਿਲਾ ਨੇ ਦੱਸਿਆ ਕਿ ਉਹ ਖ਼ੁਦ ਲੁਧਿਆਣਾ ਰਹਿੰਦੀ ਹੈ, ਉਸ ਦਾ ਇਕ ਬੇਟਾ ਇੱਥੇ ਰਹਿੰਦਾ ਹੈ। ਉਸ ਦਾ ਪੁੱਤਰ ਤੇ ਗੁਆਂਢਣ ਵਿਆਹੁਤਾ ਕਥਿਤ ਸਬੰਧਾਂ ਕਾਰਨ ਘਰੋਂ ਕਿਤੇ ਚਲੇ ਗਏ, ਜਿਸ ਬਾਰੇ ਉਸ ਨੂੰ ਨਹੀਂ ਪਤਾ ਸੀ। ਉਹ ਆਪਣੀ ਨੂੰਹ ਅਤੇ ਛੋਟੇ ਬੇਟੇ ਨਾਲ ਪਿੰਡ ਜਨਸੂਆ ਵਿੱਚ ਸਕੇ-ਸਬੰਧੀਆਂ ਦਾ ਹਾਲ-ਚਾਲ ਜਾਣਨ ਆਈ ਸੀ ਕਿ ਚੌਕ ਵਿੱਚ ਵਿਆਹੁਤਾ ਦੇ ਸਹੁਰੇ ਨੇ ਉਸ ਨੂੰ ਵਾਲ਼ਾਂ ਤੋਂ ਫੜ ਲਿਆ ਅਤੇ ਕੁੱਟਮਾਰ ਕਰਨ ਲੱਗੇ। ਇੰਨੇ ਵਿਚ ਮਹਿਲਾ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ, ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਲਿਆ ਅਤੇ ਕੁੱਟਮਾਰ ਕੀਤੀ।
ਪੁਲੀਸ ਨੇ ਉਸ ਨੂੰ ਛੁਡਵਾਇਆ ਅਤੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਸਦਰ ਥਾਣਾ ਪੁਲੀਸ ਨੇ ਮੁਲਜ਼ਮ ਕੁਲਦੀਪ ਤੇ ਵਿੱਕੀ ਪੁੱਤਰਾਂ ਬਿੱਟੂ, ਬਿੱਟੂ ਪੁੱਤਰ ਸਿਨਕੂ, ਵਿਜੈ, ਬਿੱਟੂ ਪੁੱਤਰ ਪ੍ਰਤਾਪ, ਮੌਨੂੰ ਪੁੱਤਰ ਬਿੱਟੂ ਸਮੇਤ ਦੋ ਅਣਪਛਾਤੇ ਪੁਰਸ਼ ਅਤੇ 4-5 ਅਣਪਛਾਤੀਆਂ ਮਹਿਲਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ
ਜਾਂਚ ਅਧਿਕਾਰੀ ਥਾਣੇਦਾਰ ਸੂਬਾ ਸਿੰਘ ਨੇ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਪੁਲੀਸ ਮੁਖੀ ਪਟਿਆਲਾ ਤੋਂ 7 ਅਪਰੈਲ ਤੱਕ ਪੁਲੀਸ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।