ਮਹਿਲਾ ਕਿਸਾਨ ਆਗੂਆਂ ’ਤੇ ਪੁਲੀਸ ਤਸ਼ੱਦਦ ਦੇ ਦੋਸ਼
ਸ਼ਗਨ ਕਟਾਰੀਆ
ਬਠਿੰਡਾ, 13 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਹੈ ਕਿ ਆਦਰਸ਼ ਸਕੂਲ ਚਾਉਕੇ ਮਾਮਲੇ ’ਚ ਅਧਿਆਪਕਾਂ ਦੀ ਹਮਾਇਤ ’ਤੇ ਆਉਣ ਕਾਰਨ ਕਥਿਤ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਈਆਂ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੇ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਅਤੇ ਐੱਸਐੱਸਪੀ ਬਠਿੰਡਾ ਨੂੰ ਪੱਤਰ ਭੇਜ ਕੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਕਿਸਾਨ ਆਗੂਆਂ ਨੇ ਪੱਤਰਾਂ ਵਿੱਚ ਦੋਸ਼ ਲਾਇਆ ਕਿ 5 ਅਪਰੈਲ ਨੂੰ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਦੀਆਂ ਗ੍ਰਿਫ਼ਤਾਰੀਆਂ ਦੇ ਮਾਮਲੇ ਨੂੰ ਲੈ ਕੇ ਜਦੋਂ ਉਨ੍ਹਾਂ ਸਮੇਤ ਕੁਝ ਹੋਰ ਕਿਸਾਨ ਆਗੂ ਤੇ ਵਰਕਰ ਗਿੱਲ ਕਲਾਂ ਪੁਲੀਸ ਚੌਕੀ (ਥਾਣਾ ਸਦਰ ਰਾਮਪੁਰਾ) ਪਹੁੰਚੇ ਤਾਂ ਪੁਲੀਸ ਵੱਲੋਂ ਉਨ੍ਹਾਂ ਦੀ ਕਥਿਤ ਕੁੱਟਮਾਰ ਅਤੇ ਬਦਸਲੂਕੀ ਕੀਤੀ ਗਈ। ਉਨ੍ਹਾਂ ਆਖਿਆ ਕਿ 10 ਅਪਰੈਲ ਦੇਰ ਸ਼ਾਮ ਜੇਲ੍ਹ ’ਚੋਂ ਬਾਹਰ ਆਉਣ ਤੋਂ ਅਗਲੇ ਦਿਨ 11 ਅਪਰੈਲ ਨੂੰ ਉਹ ਸਰਕਾਰੀ ਹਸਪਤਾਲ ਬਾਲਿਆਂਵਾਲੀ ਵਿੱਚ ਇਲਾਜ ਲਈ ਪਹੁੰਚੀਆਂ ਤਾਂ ਡਾਕਟਰਾਂ ਵੱਲੋਂ ਸਬੰਧਤ ਪੁਲੀਸ ਨੂੰ ਰੁੱਕਾ ਭੇਜਣ ਦੇ ਬਾਵਜੂਦ ਕੋਈ ਪੁਲੀਸ ਅਧਿਕਾਰੀ ਦੋ ਦਿਨ ਬੀਤਣ ਦੇ ਬਾਵਜੂਦ ਉਨ੍ਹਾਂ ਦੇ ਬਿਆਨ ਦਰਜ ਕਰਨ ਨਹੀਂ ਪਹੁੰਚਿਆ। ਉਨ੍ਹਾਂ ਆਖਿਆ ਕਿ ਬਾਲਿਆਂਵਾਲੀ ਦੇ ਡਾਕਟਰਾਂ ਵੱਲੋਂ ਐੱਮਐੱਲਆਰ ਕੱਟਣ ਉਪਰੰਤ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ।
ਇਸ ਮੌਕੇ ਆਦਰਸ਼ ਸਕੂਲ ਚਾਉਕੇ ਦੀ ਅਧਿਆਪਕ ਆਗੂ ਪਵਨਦੀਪ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ।