ਪੰਜਾਬੀ ਦੇ ਵਿਕਾਸ ਲਈ ਉਪਰਾਲੇ ਕਰਨ ਦਾ ਫ਼ੈਸਲਾ
ਜਗਤਾਰ ਸਮਾਲਸਰ
ਏਲਨਾਬਾਦ, 22 ਅਪਰੈਲ
ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ (ਪੰਜਾਬੀ) ਦੀ ਅਕਾਦਮੀ ਭਵਨ ਵਿੱਚ ਅਕਾਦਮੀ ਦੇ ਡਾਇਰੈਕਟਰ ਹਰਪਾਲ ਸਿੰਘ ਗਿੱਲ ਵੱਲੋਂ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਕਾਰਜਕਾਰੀ ਉਪ ਚੇਅਰਮੈਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਨੇ ਕੀਤੀ। ਅਕਾਦਮੀ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਰਤਨ ਸਿੰਘ ਢਿੱਲੋਂ, ਡਾ. ਸੁਦਰਸ਼ਨ ਗਾਸੋ, ਡਾ. ਸਾਹਿਬ ਸਿੰਘ ਅਰਸ਼ੀ, ਪ੍ਰਿੰਸੀਪਲ ਬ੍ਰਿਜ ਭੂਸ਼ਨ ਸ਼ਰਮਾ, ਲਖਵਿੰਦਰ ਪਾਲ ਸਿੰਘ, ਐਡਵੋਕੇਟ ਦਲਜੀਤ ਸਿੰਘ ਸਾਹੀ ਆਦਿ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਕਾਦਮੀ ਤੇ ਪੰਜਾਬੀ ਭਾਸ਼ਾ ਦੀ ਉੱਨਤੀ ਬਾਰੇ ਮਹੱਤਵਪੂਰਨ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਇਸ ਸਾਲ ਤਿੰਨ ਰੋਜ਼ਾ ਆਲ ਇੰਡੀਆ ਪੰਜਾਬੀ ਕਾਨਫਰੰਸ ਕਰਵਾਉਣ ਬਾਰੇ ਵਿਚਾਰ ਕੀਤੀ ਗਈ ਜਿਸ ਵਿੱਚ ਹਰਿਆਣਾ ਤੋਂ ਇਲਾਵਾ ਹੋਰਨਾਂ ਰਾਜਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ ਆਦਿ ਤੋਂ ਬੁੱਧੀਜੀਵੀਆਂ, ਵਿਦਵਾਨਾਂ ਅਤੇ ਸਭਾ-ਸੁਸਾਇਟੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਅਕਾਦਮੀ ਨੇ ਡਾਇਰੈਕਟਰ ਹਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਅਕਾਦਮੀ ਦੇ ਚੇਅਰਮੈਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਵਾਨਗੀ ਉਪਰੰਤ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਪੰਜਾਬੀ ਦੇ 2017 ਤੋਂ 2022 ਤੱਕ ਦੇ ਪੁਰਸਕਾਰਾਂ ਦੀ 75 ਲੱਖ ਰੁਪਏ ਦੀ ਰਾਸ਼ੀ ਸਨਮਾਨਿਤ ਸਾਹਿਤਕਾਰਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ ਅਤੇ ਜਲਦੀ ਹੀ ਇੱਕ ਰਾਜ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਸਾਹਿਤਕਾਰਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੂਰੇ ਹਰਿਆਣਾ ਸੂਬੇ ਨੂੰ 7 ਜ਼ੋਨਾਂ ਵਿੱਚ ਵੰਡ ਕੇ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਕਮੇਟੀਆਂ ਬਣਾਈਆਂ ਜਾਣਗੀਆਂ। ਜਿਨ੍ਹਾਂ ਦਾ ਹਰੇਕ ਜ਼ੋਨ ਦਾ ਇਕ ਇੰਚਾਰਜ ਤੇ ਇੱਕ ਕਨਵੀਨਰ ਨਿਯੁਕਤ ਹੋਵੇਗਾ। ਹਰਿਆਣਾ ਦੀਆਂ ਸਿੱਖ ਮਿਸਲਾਂ ਭੱਟ ਵਹੀਆਂ ਦੇ ਰਚਨਾਕਾਰਾਂ ਬਾਰੇ ਵਧੀਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਤੇ ਭਗਤ ਸਿੰਘ ਅਤੇ ਹੋਰ ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਨ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਤਾਂ ਜੋ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਜੀਵਨ, ਅਜਾਦੀ ਲਈ ਸੰਘਰਸ਼ ਤੇ ਜੱਦੋ-ਜਹਿਦ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਪਾਠਕਾਂ ਦੇ ਸਨਮੁਖ ਕੀਤਾ ਜਾ ਸਕੇ।