ਸਿੱਖਾਂ ਨੂੰ ਆਪਣੀ ਪਛਾਣ ਕਾਇਮ ਰੱਖਣ ਦੀ ਲੋੜ: ਗੜਗੱਜ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 4 ਮਈ
ਪਿੰਡ ਹਮੀਦੀ ਦੇ ਗੁਰਦੁਅਰਾ ਸਾਹਿਬ ਵਿਚ ਗੁਰਮਤਿ ਪ੍ਰਚਾਰ ਲਹਿਰ ਤਹਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਹੁੰਚੇ। ਉਨ੍ਹਾਂ ਕਿਹਾ ਕਿ ਹਰ ਸਿੱਖ ਪਰਿਵਾਰ ਨੂੰ ਆਪਣੇ ਬੱਚਿਆਂ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾ ਕੇ ਅੰਮ੍ਰਿਤ ਛਕਾ ਕੇ ਸਿੱਖੀ ਵਿਰਸੇ ਨਾਲ ਜੋੜਨਾ ਚਾਹੀਦਾ ਹੈ। ਸਿੱਖਾਂ ਦੀ ਪਛਾਣ ਦਾੜੀ ਅਤੇ ਦਸਤਾਰ ਨਾਲ ਹੈ, ਇਸ ਨੂੰ ਕਾਇਮ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸਿੱਖ ਧਰਮ ਤੋਂ ਦੂਰ ਰਹਿ ਕੇ ਦੇਹਧਾਰੀ ਤੇ ਪਖੰਡੀ ਲੋਕਾਂ ਦੇ ਜਾਲ ਵਿੱਚ ਫ਼ਸ ਚੁੱਕੇ ਹਨ, ਜਿਨ੍ਹਾਂ ਨੂੰ ਸਿੱਖ ਪੰਥ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕਾਰਜ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕੀਤੀ ਸਿੱਖ ਪ੍ਰਚਾਰ ਦੀ ਮੁਹਿੰਮ ਦਾ ਹਰ ਸਿੱਖ ਅਤੇ ਗੁਰਦੁਆਰਾ ਕਮੇਟੀਆਂ ਨੂੰ ਡੱਟ ਕੇ ਸਾਥ ਦੇਣਾ ਚਾਹੀਦਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੌਜਵਾਨਾਂ ਨੂੰ ਗੁਰੂ ਦੇ ਲੜ ਲਾ ਕੇ ਹੀ ਨਸ਼ਿਆਂ ਅਤੇ ਬੁਰੀ ਸੰਗਤ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਵਿੱਚ ਇਲਾਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਵਲੋਂ ਜੱਥੇਦਾਰ ਸਾਹਿਬਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਮੈਂਬਰ ਬਲਬੀਰ ਸਿੰਘ ਘੁੰਨਸ, ਪਰਮਜੀਤ ਸਿੰਘ ਖਾਲਸਾ ਤੇ ਹੋਰ ਹਾਜ਼ਰ ਸਨ।