ਤਲਵੰਡੀ ਭਾਈ ’ਚ ਅੱਗ ਲੱਗਣ ਕਾਰਨ 13 ਝੁੱਗੀਆਂ ਸੜੀਆਂ
ਸੁਦੇਸ਼ ਕੁਮਾਰ ਹੈਪੀ
ਤਲਵੰਡੀ ਭਾਈ, 22 ਅਪਰੈਲ
ਸਥਾਨਕ ਹਰਾਜ ਰੋਡ 'ਤੇ ਅਜੀਤ ਨਗਰ ਵਿੱਚ ਬੀਤੀ ਰਾਤ ਬਿਜਲੀ ਦੀਆਂ ਤਾਰਾਂ ਭਿੜਨ ਕਾਰਨ ਲੱਗੀ ਅੱਗ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ 13 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਦੌਰਾਨ 7 ਬੱਕਰੀਆਂ ਝੁਲਸ ਕੇ ਮਰ ਗਈਆਂ ਅਤੇ ਉੱਥੇ ਮਜ਼ਦੂਰਾਂ ਦਾ ਲੱਖਾਂ ਦਾ ਸਾਮਾਨ ਤੇ ਨਗਦੀ ਵੀ ਅੱਗ ਦੀ ਭੇਟ ਚੜ੍ਹ ਗਈ। ਪਰਵਾਸੀ ਮਜ਼ਦੂਰਾਂ ਸੰਤੋਸ਼ ਪਾਸਵਾਨ, ਕੂਨਾ, ਹੀਰਾ ਲਾਲ, ਕ੍ਰਿਸ਼ਨ ਬਿੰਦ, ਈਮੀਨ ਬਿੰਦ, ਧਰੁਵ, ਪੂਜਾ, ਚੰਪਾ ਦੇਵੀ, ਕ੍ਰਿਸ਼ਨ ਦੇਵੀ, ਯਸ਼ੋਦਾ, ਨੀਲਮ ਦੇਵੀ ਤੇ ਪ੍ਰੋਮਿਲਾ ਦੇਵੀ ਨੇ ਦੱਸਿਆ ਕਿ 21 ਅਪਰੈਲ ਦੀ ਰਾਤ ਕਰੀਬ 11:40 ਵਜੇ ਝੁੱਗੀਆਂ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ’ਚੋਂ ਚੰਗਿਆੜੀ ਡਿੱਗਣ ਕਾਰਨ ਝੁੱਗੀਆਂ 'ਚ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਪੂਰੀ ਤਰ੍ਹਾਂ ਫੈਲ ਗਈ ਤੇ ਗੈਸ ਸਿਲੰਡਰ ਫਟਣ ਕਾਰਨ ਹੋਰ ਭੜਕੀ ਅੱਗ ਨੇ ਪਲਾਂ 'ਚ ਹੀ ਸਭ ਕੁਝ ਤਬਾਹ ਕਰ ਦਿੱਤਾ। ਮਜ਼ਦੂਰਾਂ ਨੇ ਦੱਸਿਆ ਕਿ 7-8 ਬੱਕਰੀਆਂ ਵੀ ਅੱਗ ਵਿੱਚ ਝੁਲਸ ਕੇ ਮਰ ਗਈਆਂ। ਉਨ੍ਹਾਂ ਦੇ ਪਰਿਵਾਰਿਕ ਜੀਆਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਅੱਗ ਕਾਰਨ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਸੜੇ ਹੋਏ ਸਾਮਾਨ ਵਿੱਚ ਕਈ ਮਜ਼ਦੂਰਾਂ ਦੀ ਨਗਦੀ ਤੇ ਕੁਝ ਪਰਿਵਾਰਾਂ ਵੱਲੋਂ ਲੜਕੀਆਂ ਦੀ ਸ਼ਾਦੀ ਲਈ ਇਕੱਠਾ ਕੀਤਾ ਦਾਜ ਦਾ ਸਾਮਾਨ ਵੀ ਸ਼ਾਮਲ ਹੈ। ਨੁਕਸਾਨ ਦੀ ਪੂਰਤੀ ਲਈ ਮਜ਼ਦੂਰਾਂ ਨੇ ਡੀਸੀ ਫ਼ਿਰੋਜਪੁਰ ਨੂੰ ਮੰਗ ਪੱਤਰ ਦਿੱਤਾ ਹੈ।