‘ਮਰਦਾਨੀ-3’ ਅਗਲੇ ਸਾਲ ਫਰਵਰੀ ’ਚ ਹੋਵੇਗੀ ਰਿਲੀਜ਼
ਮੁੰਬਈ:
ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਯਸ਼ ਰਾਜ ਫਿਲਮਜ਼ ਦੀ ਥ੍ਰਿਲਰ ਭਰਪੂਰ ਫਿਲਮ ‘ਮਰਦਾਨੀ -3’ ਦੀ ਰਿਲੀਜ਼ ਤਰੀਕ ਦਾ ਅਧਿਕਾਰਤ ਤੌਰ ’ਤੇ ਐਲਾਨ ਕਰ ਦਿੱਤਾ ਗਿਆ ਹੈ। ਐਕਸ਼ਨ ਭਰਪੂਰ ਫ਼ਿਲਮ ਦਾ ਤੀਜਾ ਭਾਗ ਅਗਲੇ ਸਾਲ 27 ਫਰਵਰੀ 2026 ’ਚ ਹੋਲੀ ਤੋਂ ਪਹਿਲਾਂ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਰਿਲੀਜ਼ ਤਰੀਕ ਦੇ ਨਾਲ-ਨਾਲ ਮੇਕਰਜ਼ ਨੇ ਰਾਣੀ ਮੁਖਰਜੀ ਦੀ ਫਿਲਮ ਵਿਚਲੀ ਪਹਿਲੀ ਦਿੱਖ ਵਾਲਾ ਪੋਸਟਰ ਵੀ ਨਸ਼ਰ ਕੀਤਾ ਹੈ। ਸੀਨੀਅਰ ਇੰਸਪੈਕਟਰ ਸ਼ਿਵਾਜੀ ਰਾਓ ਨਿਡਰ ਅਤੇ ਨਿਧੜਕ ਅਫਸਰ ਵਜੋਂ ਜਲਦੀ ਹੀ ਵੱਡੇ ਪਰਦੇ ’ਤੇ ਵਾਪਸੀ ਕਰੇਗੀ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਜਾਣਕਾਰੀ ਅਤੇ ਫ਼ਿਲਮ ਦੇ ਪੋਸਟਰ ਨਾਲ ਕੈਪਸ਼ਨ ’ਚ ਲਿਖਿਆ ਗਿਆ ਹੈ, ‘‘ਮਰਦਾਨੀ-3 ਹੋਲੀ ਮੌਕੇ ਲੜੇਗੀ ਅਤੇ ਸ਼ਿਵਾਨੀ ਸ਼ਿਵਾਜੀ ਰਾਓ ਵੱਡੇ ਪਰਦੇ ’ਤੇ ਅਗਲੇ ਸਾਲ 27 ਫਰਵਰੀ ਨੂੰ ਰਿਲੀਜ਼ ਹੋਵੇਗੀ।’’ ਨਿਰਮਾਤਾਵਾਂ ਅਨੁਸਾਰ ਫ਼ਿਲਮ ਵਿੱਚ ਸ਼ਿਵਾਨੀ ਦੀ ਚੰਗਿਆਈ ਨੂੰ ਬੁਰੀਆਂ ਸ਼ਕਤੀਆਂ ਨਾਲ ਲੜਦੇ ਦਿਖਾਇਆ ਜਾਵੇਗਾ। ਤੀਜੇ ਭਾਗ ’ਚ ਨਿਰਮਾਤਾ ਆਦਿੱਤਿਆ ਚੋਪੜਾ ‘ਮਰਦਾਨੀ’ ਦੀ ਵਿਰਾਸਤ ਨੂੰ ਜਾਰੀ ਰੱਖਣ ਲਈ ਸਹਿਯੋਗ ਕਰਦੇ ਹੋਏ ਦਿਖਾਈ ਦੇਣਗੇ। ਫਿਲਮ ਦੀ ਸਕ੍ਰਿਪਟ ‘ਦਿ ਰੇਲਵੇ ਮੈਨ’ ਦੇ ਲੇਖਕ ਆਯੂਸ਼ ਗੁਪਤਾ ਵੱਲੋਂ ਲਿਖੀ ਗਈ ਹੈ। ‘ਮਰਦਾਨੀ 3’ ਦਾ ਨਿਰਦੇਸ਼ਨ ਅਭਿਰਾਜ ਮੀਨਾਵਾਲਾ ਨੇ ਕੀਤਾ ਹੈ, ਜੋ ਕਿ ‘ਵਾਰ 2’ ਦਾ ਐਸੋਸੀਏਟ ਡਾਇਰੈਕਟਰ ਵੀ ਹੈ। -ਏਐੱਨਆਈ