ਮਨੁੱਖ ਦੇ ਲਾਲਚ ਤੇ ਖ਼ੁਦਗਰਜ਼ੀਆਂ ਦਾ ਸੰਸਾਰ
ਗੁਰਚਰਨ ਸਿੰਘ ਨੂਰਪੁਰ
ਲਿਓ ਤਾਲਸਤਾਏ ਦੀ ਇੱਕ ਬੜੀ ਮਸ਼ਹੂਰ ਕਹਾਣੀ ਹੈ। ਕਹਾਣੀ ਦਾ ਮੁੱਖ ਪਾਤਰ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੇਚ ਕੇ ਸਾਇਬੇਰੀਆ ਜਾਂਦਾ ਹੈ। ਉਸ ਨੂੰ ਉਸ ਦੇ ਦੋਸਤ ਨੇ ਕਿਹਾ ਸੀ ਕਿ ਸਾਇਬੇਰੀਆ ਜ਼ਮੀਨ ਬੜੀ ਸਸਤੀ ਹੈ। ਉੱਥੋਂ ਦੇ ਲੋਕਾਂ ਨੂੰ ਜ਼ਮੀਨ ਦੇ ਮੁੱਲ ਦਾ ਕੁਝ ਵੀ ਪਤਾ ਨਹੀਂ, ਏਵੇਂ ਹੀ ਜ਼ਮੀਨ ਦੇ ਦਿੰਦੇ ਹਨ। ਲਾਲਚਵੱਸ ਹੋ ਕੇ ਉਹ ਸਾਇਬੇਰੀਆ ਜ਼ਮੀਨ ਲੈਣ ਚਲਾ ਗਿਆ। ਇੱਕ ਪਿੰਡ ਵਿੱਚ ਗਿਆ, ਪਿੰਡ ਦੇ ਲੋਕਾਂ ਨੇ ਕਿਹਾ ਇੱਥੇ ਕੁਝ ਵੱਖਰਾ ਹਿਸਾਬ ਕਿਤਾਬ ਹੈ, ਤੁਸੀਂ ਆਪਣੇ ਪੈਸੇ ਫਿਲਹਾਲ ਆਪਣੇ ਕੋਲ ਰੱਖੋ, ਹੁਣ ਰਾਤ ਹੋਣ ਵਾਲੀ ਹੈ ਆਰਾਮ ਕਰੋ। ਸਵੇਰੇ ਸੂਰਜ ਦੇ ਚੜ੍ਹਨ ਸਾਰ ਤੁਸੀਂ ਇਸ ਜਗ੍ਹਾ ਤੋਂ ਯਾਤਰਾ ਸ਼ੁਰੂ ਕਰਨੀ ਹੈ, ਸੂਰਜ ਦੇ ਛਿਪਣ ਤੋਂ ਪਹਿਲਾਂ ਇਸੇ ਜਗ੍ਹਾ ’ਤੇ ਆ ਜਾਣਾ ਹੈ। ਜਿੰਨੀ ਜ਼ਮੀਨ ਦਾ ਤੁਸੀਂ ਚੱਕਰ ਕੱਢ ਲਿਆ ਓਨੀ ਜ਼ਮੀਨ ਤੁਹਾਡੀ ਹੋਵੇਗੀ।
ਰਾਤ ਭਰ ਉਹ ਸੋਚਦਾ ਰਿਹਾ। ਲਾਲਚ ਸਿਰ ’ਤੇ ਸਵਾਰ ਹੋ ਗਿਆ। ਇੱਕ ਮਿੰਟ ਵੀ ਨੀਂਦ ਨਾ ਆਈ। ਉਸ ਨੇ ਸਵੇਰੇ ਉੱਠਦਿਆਂ ਸਾਰ ਆਪਣੀ ਪੈਸਿਆਂ ਵਾਲੀ ਪੋਟਲੀ, ਰੋਟੀ-ਪਾਣੀ ਨਾਲ ਲਿਆ ਤੇ ਸੂਰਜ ਨੂੰ ਦੇਖਦਿਆਂ ਸਾਰ ਭੱਜ ਉੱਠਿਆ। ਦਿਨ ਭਰ ਨਦੀਆਂ ਨਾਲਿਆਂ, ਘੱਟੇ ਮਿੱਟੀ ਨਾਲ ਭਰੇ ਤੇ ਪਥਰੀਲੇ ਰਸਤਿਆਂ, ਜੂਹਾਂ ਵਿੱਚ ਭੱਜਦਾ ਰਿਹਾ। ਰੋਟੀ ਵੀ ਭੱਜਦਿਆਂ ਭੱਜਦਿਆਂ ਖਾਧੀ। ਪਾਣੀ ਵੀ ਜਦੋਂ ਪਿਆਸ ਲੱਗਦੀ ਤਾਂ ਭੱਜਦਾ ਭੱਜਦਾ ਹੀ ਪੀ ਲੈਂਦਾ। ਸ਼ਾਮ ਹੋ ਰਹੀ ਸੀ। ਪਿੰਡ ਦੇ ਲੋਕ ਪਿੰਡ ਦੇ ਬਾਹਰਵਾਰ ਜਿੱਥੋਂ ਉਹ ਤੁਰਿਆ ਸੀ, ਉਸ ਨੂੰ ਉਡੀਕ ਰਹੇ ਸਨ। ਪਰ ਉਹ ਆਇਆ ਨਾ, ਉਸ ਦੀ ਕੋਸ਼ਿਸ਼ ਸੀ ਕਿ ਵੱਧ ਤੋਂ ਵੱਧ ਜ਼ਮੀਨ ਘੇਰ ਲਈ ਜਾਵੇ। ਇਸ ਲਈ ਘੇਰਾ ਵੱਡਾ ਵਲ ਲਿਆ। ਆਖ਼ਰ ਜਦੋਂ ਸੂਰਜ ਲਾਲ ਭਾਹ ਮਾਰਨ ਲੱਗਿਆ, ਡੁੱਬ ਹੀ ਚੱਲਿਆ ਸੀ ਤਾਂ ਦੂਰੋਂ ਲੋਕਾਂ ਨੂੰ ਉਹ ਬੜੀ ਨਾਜ਼ੁਕ ਹਾਲਤ ’ਚ ਆਉਂਦਾ ਦਿੱਸਿਆ। ਉਹ ਦਿਨ ਭਰ ਭੱਜਦਿਆਂ ਭੱਜਦਿਆਂ ਇੰਨਾ ਬੇਹਾਲ ਹੋ ਗਿਆ ਸੀ ਕਿ ਮਿਥੀ ਥਾਂ ’ਤੇ ਪਹੁੰਚਣ ਤੋਂ ਪਹਿਲਾਂ ਹੀ ਡਿੱਗ ਪਿਆ ਤੇ ਡਿੱਗਦਿਆਂ ਸਾਰ ਉਹਦੀ ਜਾਨ ਨਿਕਲ ਗਈ। ਜਿਸ ਲਾਲਚਵੱਸ ਉਹ ਵੱਧ ਤੋਂ ਵੱਧ ਜ਼ਮੀਨ ਲੈਣ ਦੀ ਕੋਸ਼ਿਸ਼ ਵਿੱਚ ਸੀ ਉਹ ਹੀ ਲਾਲਚ ਉਸ ਦੀ ਮੌਤ ਦਾ ਕਾਰਨ ਬਣ ਗਿਆ।
ਸਾਡੀ ਸਭ ਦੀ ਹਾਲਤ ਵੀ ਕੁਝ ਕੁਝ ਕਹਾਣੀ ਦੇ ਉਸ ਪਾਤਰ ਵਰਗੀ ਹੈ। ਪੂਰੀ ਜ਼ਿੰਦਗੀ ਮਨੁੱਖ ਆਪਣੀਆਂ ਚੌਧਰਾਂ, ਇੱਛਾਵਾਂ ਅਤੇ ਲਾਲਚਾਂ ਦੇ ਦਾਇਰੇ ਹੋਰ ਵਿਸ਼ਾਲ ਕਰਨ ਲਈ ਭੱਜਦਾ ਹੈ ਅਤੇ ਆਖ਼ਰ ਇੱਕ ਦਿਨ ਉਹਦੀ ਜ਼ਿੰਦਗੀ ਦਾ ਸੂਰਜ ਛਿਪ ਜਾਂਦਾ ਹੈ। ਉਹ ਇਸ ਧਰਤੀ ਤੋਂ ਇੰਜ ਵਿਦਾ ਹੋ ਜਾਂਦਾ ਹੈ ਜਿਵੇਂ ਕਦੇ ਇੱਥੇ ਆਇਆ ਹੀ ਨਹੀਂ ਸੀ। ਉਸ ਦਾ ਅਸਤਿਤਵ ਸਮੇਂ ਦੀ ਗਰਦ ਵਿੱਚ ਗੁਆਚ ਜਾਂਦਾ ਹੈ। ਇਹੋ ਬਹੁਗਿਣਤੀ ਸਮਾਜ ਦੇ ਜੀਵਨ ਦਾ ਸੱਚ ਹੈ।
ਧਰਤੀ ’ਤੇ ਵਿਚਰਦਿਆਂ ਮਨੁੱਖ ਦਾ ਵਿਹਾਰ ਇੰਜ ਹੈ ਜਿਵੇਂ ਇਸ ਨੇ ਕਦੇ ਇੱਥੋਂ ਜਾਣਾ ਹੀ ਨਹੀਂ। ਉਹ ਈਰਖਾ, ਦੁਸ਼ਮਣੀਆਂ ਤੇ ਨਫ਼ਰਤਾਂ ਦੇ ਭਾਂਬੜ ਬਾਲ ਬਾਲ ਕੇ ਸੇਕਦਾ ਹੈ। ਧਰਤੀ ਅਤੇ ਕੁਦਰਤ ਪ੍ਰਤੀ ਉਹਦੇ ਅੰਦਰ ਕੋਈ ਕ੍ਰਿਤੱਗਤਾ ਨਹੀਂ। ਕੋਈ ਧੰਨਵਾਦ ਦਾ ਭਾਵ ਨਹੀਂ ਸਗੋਂ ਉਹਦਾ ਵਿਹਾਰ ਇਹ ਹੈ ਕਿ ਇਸ ਧਰਤੀ ਦੇ ਕੁਦਰਤੀ ਖ਼ਜ਼ਾਨਿਆਂ ਤੋਂ ਵੱਧ ਤੋਂ ਵੱਧ ਕਿਵੇਂ ਕੁਝ ਹਾਸਲ ਕਰਨਾ ਹੈ। ਇਸ ਲਈ ਉਸ ਨੂੰ ਇਸ ਦੀ ਕੀਮਤ ਭਾਵੇਂ ਆਪਣੀ ਜਾਨ ਦੇ ਕੇ ਹੀ ਕਿਉਂ ਨਾ ਚੁਕਾਉਣੀ ਪਵੇ, ਉਹ ਇਸ ਲਈ ਵੀ ਤਿਆਰ ਹੈ। ਅਸੀਂ ਇਸ ਧਰਤੀ ਨੂੰ ਨਰਕ ਬਣਾਉਣ ਲਈ ਜੀਅ ਜਾਨ ਨਾਲ ਕੋਸ਼ਿਸ਼ ਕਰ ਰਹੇ ਹਾਂ। ਮੁਨਾਫ਼ਿਆਂ, ਖ਼ੁਦਗਰਜ਼ੀਆਂ ਅਤੇ ਲਾਲਚਾਂ ਕਾਰਨ ਅਸੀਂ ਵਹਿੰਦੇ ਨਿਰਮਲ ਪਾਣੀਆਂ ਨੂੰ ਪਲੀਤ ਕਰ ਦਿੱਤਾ ਹੈ। ਦਰਿਆਵਾਂ, ਨਦੀਆਂ ਵਿੱਚ ਇੰਨੀ ਗੰਦਗੀ ਸੁੱਟੀ ਜਾ ਰਹੀ ਕਿ ਇਨ੍ਹਾਂ ਦੇ ਕਲ ਕਲ ਵਗਦੇ ਪਾਣੀ ਸੁਪਨਾ ਬਣ ਗਏ ਹਨ। ਪੰਜਾਬ ਦੇ ਬੁੱਢੇ ਦਰਿਆ ਦਾ ਕਾਲਾ ਜ਼ਹਿਰੀਲਾ ਪਾਣੀ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ, ਪਰ ਉਸ ਦੇ ਪਾਣੀ ਨੂੰ ਨਹੀਂ ਰੋਕਿਆ ਜਾ ਰਿਹਾ ਕਿਉਂਕਿ ਉਸ ਪਿੱਛੇ ਮਨੁੱਖ ਦੇ ਲਾਲਚਾਂ, ਮੁਨਾਫ਼ਿਆਂ ਦਾ ਦੂਰ ਤੱਕ ਫੈਲਿਆ ਪਾਸਾਰ ਹੈ। ਦੂਜੇ ਪਾਸੇ, ਲੱਖਾਂ ਲੋਕ ਗੰਦਾ ਪਾਣੀ ਪੀ ਕੇ ਮਰ ਰਹੇ ਹਨ, ਗੰਭੀਰ ਬਿਮਾਰ ਹੋ ਰਹੇ ਹਨ ਪਰ ਸਰਕਾਰਾਂ ਬੇਖ਼ਬਰ ਜਾਪਦੀਆਂ ਹਨ। ਇਹ ਕਿਸੇ ਇੱਕ ਦਰਿਆ ਦੀ ਗੱਲ ਨਹੀਂ। ਮਨੁੱਖ ਲਾਲਚ ਕਾਰਨ ਪਲੀਤ ਕਰ ਦਿੱਤੀਆਂ ਗਈਆਂ ਭਾਰਤ ਦੀਆਂ ਬਹੁਤ ਸਾਰੀਆਂ ਨਦੀਆਂ ਦਾ ਪਾਣੀ ਪੀ ਕੇ ਲੋਕ ਬਿਮਾਰ ਹੁੰਦੇ ਅਤੇ ਤਿਲ-ਤਿਲ ਮਰਦੇ ਹਨ। ਇਸ ਦੇ ਬਾਵਜੂਦ ਇਨ੍ਹਾਂ ਵਿੱਚ ਪਾਇਆ ਜਾਣ ਵਾਲਾ ਜ਼ਹਿਰੀਲਾ ਮਾਦਾ ਹਰ ਦਿਨ ਵਧ ਰਿਹਾ ਹੈ। ਅਜਿਹੇ ਮਸਲਿਆਂ ’ਤੇ ਮਨੁੱਖ ਦੀ ਸੂਝ ਸਿਆਣਪ ਨੂੰ ਲਕਵਾ ਕਿਉਂ ਮਾਰ ਜਾਂਦਾ ਹੈ? ਲਾਲਚਾਂ, ਮੁਨਾਫ਼ਿਆਂ ਤੇ ਖ਼ੁਦਗਰਜ਼ੀਆਂ ਦੀ ਮਾਨਸਿਕਤਾ ਮੌਤ ਦੇ ਇਸ ਵਰਤਾਰੇ ਦੀ ਸਿਰਜਣਾ ਕਰ ਰਹੀ ਹੈ ਪਰ ਸਰਕਾਰਾਂ ਚੁੱਪ ਹਨ।
ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜੰਗ-ਯੁੱਧ ਚੱਲ ਹੀ ਰਿਹਾ ਹੁੰਦਾ ਹੈ। ਧਰਮਾਂ-ਮਜ਼ਹਬਾਂ, ਜਾਤਾਂ-ਪਾਤਾਂ, ਰੰਗਾਂ-ਨਸਲਾਂ, ਫ਼ਿਰਕਿਆਂ ਅਤੇ ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਲਈ ਮਨੁੱਖਤਾ ਦਾ ਖ਼ੂਨ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਡੁੱਲ੍ਹ ਹੀ ਰਿਹਾ ਹੁੰਦਾ ਹੈ। ਮਨੁੱਖਤਾ ਦਾ ਘਾਣ ਹੁੰਦਾ ਹੈ। ਨਿੱਕੇ ਨਿੱਕੇ ਮਾਸੂਮ ਬੱਚਿਆਂ ਨੂੰ ਬੰਬਾਂ ਮਿਜ਼ਾਈਲਾਂ ਨਾਲ ਉਡਾਇਆ ਜਾਂਦਾ ਹੈ। ਹੁਣ ਤੱਕ ਦੁਨੀਆ ਦੀ ਸੱਭਿਅਤਾ ਦੌਰਾਨ ਕੋਈ ਚਾਰ ਹਜ਼ਾਰ ਯੁੱਧ ਲੜੇ ਗਏ। ਹਰ ਯੁੱਧ ਤੋਂ ਬਾਅਦ ਮਨੁੱਖਤਾ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਸ ਤੋਂ ਬਗੈਰ ਵੀ ਸਰ ਸਕਦਾ ਸੀ। ਚੰਗੇਜ਼ ਖਾਨ, ਮੁਸੋਲਿਨੀ ਅਤੇ ਹਿਟਲਰ ਵਰਗੇ ਹਾਕਮਾਂ ਨੇ ਲੱਖਾਂ ਲੋਕ ਜੰਗ ਦੀ ਭੱਠੀ ਵਿੱਚ ਝੋਕ ਦਿੱਤੇ। ਜੇਕਰ ਇਨ੍ਹਾਂ ਲੱਖਾਂ ਲੋਕਾਂ ਨੂੰ ਧਰਮਾਂ ਜਾਤਾਂ ਨਸਲਾਂ ਦੇ ਨਾਮ ’ਤੇ ਲੜਾਇਆ, ਮਰਵਾਇਆ ਅਤੇ ਮਾਰਿਆ ਨਾ ਜਾਂਦਾ ਤਾਂ ਮਨੁੱਖ ਦਾ ਇਤਿਹਾਸ ਮਾਣ ਕਰਨ ਯੋਗ ਹੋਣਾ ਸੀ। ਅੱਜ ਵੀ ਫਲਸਤੀਨ ਇਜ਼ਰਾਈਲ ਅਤੇ ਰੂਸ ਯੂਕਰੇਨ ਦੇ ਯੁੱਧ ਵਿੱਚ ਬੇਦੋਸ਼ੇ ਲੋਕਾਂ ਦਾ ਘਾਣ ਹੋ ਰਿਹਾ ਹੈ। ਇਸ ਸਭ ਕੁਝ ਪਿੱਛੇ ਚੌਧਰਾਂ ਦੇ ਸ਼ਮਲੇ ਅਤੇ ਲਾਲਚਾਂ ਦੀ ਮਨੋਬਿਰਤੀ ਹੈ ਜੋ ਲੋਕਾਂ ਦੇ ਕਤਲ ਤੇ ਉਜਾੜੇ ਦਾ ਕਾਰਨ ਬਣ ਰਹੀ ਹੈ। ਸਮੇਂ ਦੇ ਬੀਤਣ ਨਾਲ ਬੇਸ਼ੱਕ ਮਨੁੱਖ ਅਕਲ ਦੇ ਬਲਬੂਤੇ ਗਿਆਨ ਵਿਗਿਆਨ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਗਿਆ ਹੈ ਪਰ ਉਹ ਸਿਆਣਾ ਨਹੀਂ ਹੋਇਆ। ਮਨੁੱਖ ਦੀਆਂ ਲਾਲਚੀ ਮਨੋਬਿਰਤੀਆਂ ਦਾ ਕੱਲ੍ਹ ਵੀ ਕੋਈ ਪਾਰਾਵਾਰ ਨਹੀਂ ਸੀ ਤੇ ਅੱਜ ਵੀ ਨਹੀਂ ਹੈ। ਮਨੁੱਖ ਤਰੱਕੀ ਕਰੇ ਪਰ ਇਹ ਠੀਕ ਨਹੀਂ ਕਿ ਉਹ ਆਪਣੀ ਅਕਲ ਨੂੰ ਜਿੰਦਰੇ ਮਾਰੀ ਰੱਖੇ। ਮਨੁੱਖ ਅੰਦਰੋਂ ਜੇਕਰ ਮਾਵਨਤਾ ਮਰ ਜਾਂਦੀ ਹੈ ਤਾਂ ਮਨੁੱਖ ਮਨੁੱਖ ਨਹੀਂ ਰਹਿੰਦਾ।
ਦੁਨੀਆ ਦੇ ਹਰ ਖਿੱਤੇ ਵਿੱਚ ਪ੍ਰਦੂਸ਼ਣ ਦਾ ਪ੍ਰਕੋਪ ਹਰ ਦਿਨ ਵਧ ਰਿਹਾ ਹੈ। ਇਸ ਕਾਰਨ ਬੱਚਿਆਂ ਅਤੇ ਪਸ਼ੂ ਪੰਛੀਆਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਸੰਘਣੇ ਧੂੰਏਂ ਵਿੱਚ ਸਾਹ ਲੈਣ ਨਾਲ ਸਾਡੀ ਸਭ ਦੀ ਉਮਰ ਘੱਟ ਹੋ ਰਹੀ ਹੈ। ਹਰ ਸਾਲ ਦਮੇ, ਦਿਲ ਦੇ ਦੌਰੇ ਅਤੇ ਛਾਤੀ ਦੇ ਰੋਗਾਂ ਨਾਲ ਮੌਤਾਂ ਹੁੰਦੀਆਂ ਹਨ। ਇਸ ਦੇ ਬਾਵਜੂਦ, ਹਰ ਸਾਲ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ। ਇਹ ਜਾਣਦਿਆਂ ਸਮਝਦਿਆਂ ਕਿ ਇਹ ਪਲੀਤ ਹਵਾ ਸਾਡੇ ਅਤੇ ਸਾਡੀਆਂ ਔਲਾਦਾਂ ਦੇ ਫੇਫੜਿਆਂ ਲਈ ਜ਼ਹਿਰ ਹੈ। ਦੂਜੇ ਪਾਸੇ ਸੱਚ ਇਹ ਵੀ ਹੈ ਕਿ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਇਸੇ ਧਰਤੀ ’ਤੇ ਵਿਚਰਦੇ ਸਾਡੇ ਵੱਡੇ ਵਡੇਰੇ ਕੁਦਰਤ ਦਾ ਸਤਿਕਾਰ ਕਰਦੇ ਸਨ, ਰਿਜ਼ਕ ਉਨ੍ਹਾਂ ਨੂੰ ਵੀ ਮਿਲਦਾ ਸੀ ਸਗੋਂ ਸਾਡੇ ਨਾਲੋਂ ਵਧੇਰੇ ਪੌਸ਼ਟਿਕ ਖੁਰਾਕ ਖਾਂਦੇ ਸਨ।
ਅਜੋਕੇ ਸਮੇਂ ਵਿੱਚ ਵੱਖ-ਵੱਖ ਦਿਨਾਂ ਤਿਉਹਾਰਾਂ ’ਤੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਸੜਕਾਂ ਚੌਰਾਹਿਆਂ ’ਤੇ ਲੰਗਰ ਲਾਉਂਦੇ ਹਾਂ। ਇਹ ਸਭ ਚੰਗੀਆਂ ਸਰਗਰਮੀਆਂ ਹਨ। ਇਨ੍ਹਾਂ ਨਾਲ ਸਾਡੇ ਵਿੱਚ ਮਾਨਵਤਾ ਦੇ ਭਲੇ ਦਾ ਸੰਕਲਪ ਮਜ਼ਬੂਤ ਹੁੰਦਾ ਹੈ ਪਰ ਜਿੱਥੇ ਜੀਵਨ ਦਾ ਮਸਲਾ ਹੋਵੇ ਉੱਥੇ ਇਹ ਸੰਕਲਪ ਪਿੱਛੇ ਕਿਉਂ ਚਲਾ ਜਾਂਦਾ ਹੈ? ਕੀ ਪ੍ਰਦੂਸ਼ਣ ਦੇ ਸੰਤਾਪ ਤੋਂ ਨਿਜ਼ਾਤ ਨਹੀਂ ਪਾਈ ਜਾ ਸਕਦੀ? ਕੀ ਧਰਤੀ ਦੇ ਹਵਾ, ਮਿੱਟੀ, ਪਾਣੀ ਦੀ ਤੰਦਰੁਸਤੀ ਲਈ ਸਾਨੂੰ ਯਤਨਸ਼ੀਲ ਨਹੀਂ ਹੋਣਾ ਚਾਹੀਦਾ? ਦਰਅਸਲ, ਜੀਵਨ ਨਾਲ ਜੁੜੇ ਮਸਲਿਆਂ ਪ੍ਰਤੀ ਸਾਨੂੰ ਵਧੇਰੇ ਚਿੰਤਨਸ਼ੀਲ ਹੋਣਾ ਚਾਹੀਦਾ ਹੈ।
ਬੰਦੇ ਦੇ ਲਾਲਚਾਂ, ਖ਼ੁਦਗਰਜ਼ੀਆਂ ਅਤੇ ਇੱਛਾਵਾਂ ਦਾ ਕੋਈ ਪਾਰਾਵਾਰ ਨਹੀਂ। ਠੀਕ ਹੈ ਹਰ ਇਨਸਾਨ ਨੂੰ ਤਰੱਕੀ ਕਰਨ ਦਾ ਹੱਕ ਹੈ ਅਤੇ ਉਸ ਨੂੰ ਅਜਿਹਾ ਕਰਨਾ ਵੀ ਚਾਹੀਦਾ ਹੈ। ਜੀਵਨ ਨੂੰ ਚੰਗਾ ਬਣਾਉਣ ਲਈ ਨੱਠ ਭੱਜ ਕਰਨੀ ਵੀ ਚਾਹੀਦੀ ਹੈ ਪਰ ਇਹ ਨੱਠ ਭੱਜ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਕਿ ਸੂਰਜ ਦੇ ਛਿਪਣ ਤੋਂ ਪਹਿਲਾਂ ਹੀ ਸਾਡੀ ਜ਼ਿੰਦਗੀ ਦਾ ਸੂਰਜ ਛਿਪ ਜਾਵੇ। ਇਹ ਜ਼ਿੰਦਗੀ ਬੜੀ ਛੋਟੀ ਹੈ। ਸਾਨੂੰ ਇਹ ਛੋਟੀ ਜਿਹੀ ਜ਼ਿੰਦਗੀ ਮੁਨਾਫ਼ੇ ਦੇ ਹੀ ਲੇਖੇ ਨਹੀਂ ਲਾਉਣੀ ਚਾਹੀਦੀ।
ਜੇ ਮਨੁੱਖ ਆਪ ਹੀ ਦੁਨੀਆ ’ਤੇ ਨਾ ਰਿਹਾ ਤਾਂ ਸੂਰਜ ਚੜ੍ਹਨ ਤੋਂ ਸੂਰਜ ਦੇ ਛਿਪਣ ਤੱਕ ਨੱਠ ਭੱਜ ਕਰਨ ਦਾ ਕੀ ਫ਼ਾਇਦਾ? ਇਸ ਦੁਨੀਆ ਨੂੰ ਹੈਂਕੜਬਾਜ਼ ਅਤੇ ਕੁਟਿਲ ਨੀਤੀਆਂ ਵਾਲੇ ਸ਼ਾਸਕਾਂ ਦੀ ਲੋੜ ਨਹੀਂ ਸਗੋਂ ਚੰਗੇ ਇਨਸਾਨਾਂ ਦੀ ਵੱਧ ਲੋੜ ਹੈ ਜੋ ਇਸ ਨੂੰ ਮਨੁੱਖਾਂ ਦੇ ਰਹਿਣਯੋਗ ਬਣਾਉਣ ਲਈ ਯਤਨਸ਼ੀਲ ਹੋਣ। ਪੂਰੀ ਦੁਨੀਆ ਨੂੰ ਚਲਾਉਣ ਵਾਲੀਆਂ ਤਾਕਤਾਂ ਦਾ ਮਨੋਰਥ ਮਾਨਵਤਾ ਦਾ ਭਲਾ ਨਹੀਂ ਸਗੋਂ ਵੱਧ ਤੋਂ ਵੱਧ ਤਾਕਤ ਹਾਸਲ ਕਰਨਾ ਬਣ ਗਿਆ ਹੈ। ਪੈਸਾ, ਸੱਤਾ ਅਤੇ ਹਥਿਆਰਾਂ ਦੀ ਅੰਨ੍ਹੀ ਦੌੜ ਦੁਨੀਆ ਦੇ ਲੱਖਾਂ ਮਨੁੱਖਾਂ ਲਈ ਖ਼ਤਰਨਾਕ ਹਾਲਾਤ ਪੈਦਾ ਕਰਦੀ ਹੈ। ਇਸ ਧਰਤੀ ’ਤੇ ਬੇਰੁਜ਼ਗਾਰੀ ਦਾ ਸੰਤਾਪ ਭੋਗਦੇ ਪੁੱਤਰ ਧੀਆਂ ਹਨ, ਬੱਚਿਆਂ ਦੇ ਇਲਾਜ ਖੁਣੋਂ ਵਿਲਕਦੀਆਂ ਮਾਵਾਂ ਹਨ, ਗ਼ਰੀਬੀ ਦਾ ਸੰਤਾਪ ਭੋਗਦੇ ਰੋਟੀ ਦੀ ਬੁਰਕੀ-ਬੁਰਕੀ ਦੇ ਮੁਥਾਜ ਬਦਕਿਸਮਤ ਲੋਕ ਹਨ, ਗੰਦਾ ਪਾਣੀ ਪੀਣ ਲਈ ਮਜਬੂਰ ਲੱਖਾਂ ਲੋਕ ਹਨ। ਇਸ ਸਭ ਕੁਝ ਦਾ ਕਾਰਨ ਸਿਰਫ਼ ਮੁੱਠੀ ਭਰ ਲੋਕਾਂ ਦਾ ਲਾਲਚ ਹੈ। ਇਹ ਧਰਤੀ ਦੁਨੀਆ ਦੇ ਹਰ ਮਨੁੱਖ ਵਾਸਤੇ ਰੱਜਵੀਂ ਰੋਟੀ ਅਤੇ ਚੰਗਾ ਰਹਿਣ ਸਹਿਣ ਪੈਦਾ ਕਰਨ ਦੇ ਸਮਰੱਥ ਹੈ ਪਰ ਲਾਲਚ, ਖ਼ੁਦਗਰਜ਼ੀਆਂ ਅਤੇ ਹੈਂਕੜਾਂ ਨੇ ਇਸ ਧਰਤੀ ਦੇ ਕੁਝ ਖਿੱਤਿਆਂ ਨੂੰ ਨਰਕ ਬਣਾਇਆ ਹੋਇਆ ਹੈ। ਮਨੁੱਖ ਨੂੰ ਉਸ ਸਿੱਖਿਆ ਦੀ ਸਭ ਤੋਂ ਵੱਧ ਲੋੜ ਹੈ ਜਿਸ ਨਾਲ ਉਸ ਨੂੰ ਚੰਗਾ ਇਨਸਾਨ ਬਣਾਇਆ ਜਾ ਸਕੇ। ਇਸ ਦੁਨੀਆ ਵਿੱਚ ਵਿਚਰਦਿਆਂ ਸਾਨੂੰ ਮਿਲੀ ਧਨ ਦੌਲਤ ਸਾਡੇ ਲਈ ਹੈ ਨਾ ਕਿ ਅਸੀਂ ਧਨ ਦੌਲਤ ਲਈ ਹਾਂ। ਕੁਦਰਤ ਅਤੇ ਮਨੁੱਖਾਂ ਦੀ ਤਬਾਹੀ ਕਰਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰਦਿਆਂ ਪੈਦਾ ਕੀਤੇ ਸਾਧਨਾਂ, ਜਾਇਦਾਦਾਂ ਅਤੇ ਪੈਸੇ ਦਾ ਕੀ ਫ਼ਾਇਦਾ? ਸਾਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਕੁਝ ਚੰਗਾ ਸਿਰਜਣ ਦੀ ਲੋੜ ਹੈ।
ਸੰਪਰਕ: 98550-51099