ਮਨਪ੍ਰੀਤ ਬਾਦਲ, ਬਾਜਵਾ ਤੇ ਮਜੀਠੀਆ ਵੱਲੋਂ ਕਾਲੀਆ ਨਾਲ ਮੁਲਾਕਾਤ
ਹਤਿੰਦਰ ਮਹਿਤਾ
ਜਲੰਧਰ, 9 ਅਪਰੈਲ
ਅੱਜ ਵੀ ਕਈ ਆਗੂ ਕਾਲੀਆ ਨੂੰ ਮਿਲਣ ਲਈ ਪਹੁੰਚ ਰਹੇ ਹਨ। ਭਾਜਪਾ ਆਗੂਆਂ ਮਨਪ੍ਰੀਤ ਸਿੰਘ ਬਾਦਲ, ਫਤਿਹ ਜੰਗ ਸਿੰਘ ਬਾਜਵਾ ਅਤੇ ਹੋਰ ਆਗੂਆਂ ਦੇ ਨਾਮ ਸ਼ਾਮਲ ਹਨ।
ਬਾਜਵਾ ਨੇ ਕਿਹਾ ਕਿ ਉਹ ਕਾਲੀਆ ਸਾਹਿਬ ਦੇ ਘਰ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਪਹੁੰਚੇ ਹਨ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲੀਸ ਨੂੰ ਆਪਣੇ ਹੀ ਖੁਫੀਆ ਅਧਿਕਾਰੀਆਂ ’ਤੇ ਵੀ ਭਰੋਸਾ ਨਹੀਂ ਹੈ। ਪੰਜਾਬ ਵਿੱਚ ਕਈ ਥਾਵਾਂ ’ਤੇ ਗ੍ਰਨੇਡ ਹਮਲੇ ਹੋਏ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਕਹਿੰਦੇ ਹਨ ਕਿ ਸਭ ਕੁਝ ਠੀਕ ਚੱਲ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਜੇਕਰ ਕਾਲੀਆ ਸਾਹਿਬ ਵਰਗਾ ਵਿਅਕਤੀ ਸੁਰੱਖਿਅਤ ਨਹੀਂ ਹੈ, ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਪੰਜਾਬ ਵਿੱਚ ਕੁੱਲ 17 ਧਮਾਕੇ ਹੋਏ ਹਨ ਪਰ ਪੁਲੀਸ ਕੋਲ ਕੋਈ ਜਵਾਬ ਨਹੀਂ ਹੈ। ਜਦੋਂ ਤੱਕ ਐੱਨਆਈਏ ਮਾਮਲੇ ਦੀ ਜਾਂਚ ਨਹੀਂ ਕਰਦੀ, ਉਦੋਂ ਤੱਕ ਮਾਮਲੇ ਦੀ ਸੱਚਾਈ ਸਾਹਮਣੇ ਨਹੀਂ ਆਵੇਗੀ।
ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸੇ ਵੀ ਕੀਮਤ ’ਤੇ ਸੂਬੇ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵੇਗੀ। ਉਹ ਅੱਜ ਜਲੰਧਰ ਵਿਖੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਹੋਏ ਸਨ।
ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਸਿਰਫ 12 ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ ਹੈ, ਜੋ ਪੰਜਾਬ ਪੁਲੀਸ ਦਾ ਸ਼ਲਾਘਾਯੋਗ ਕਦਮ ਹੈ।
ਮੁਲਜ਼ਮ ਹੈਰੀ ਨੂੰ 50 ਰੁਪਏ ਦਾ ਕਮਿਸ਼ਨ ਮਹਿੰਗਾ ਪਿਆ
ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਵੱਲੋਂ ਹੈਰੀ (20) ਨੂੰ ਦਿੱਤਾ ਗਿਆ ਸਿਰਫ਼ 50 ਰੁਪਏ ਦਾ ਕਮਿਸ਼ਨ ਉਸ ਨੂੰ ਬਹੁਤ ਮਹਿੰਗਾ ਪਿਆ। ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਵਿੱਚ ਹੋਏ ਧਮਾਕੇ ਦੇ ਛੇ ਘੰਟਿਆਂ ਦੇ ਅੰਦਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਤਾ ਲੱਗਿਆ ਹੈ ਕਿ ਹੈਰੀ ਨੂੰ ਇਹ ਕਮਿਸ਼ਨ ਮੁਲਜ਼ਮ ਨੂੰ 3500 ਰੁਪਏ ਨਕਦ ਉਪਲਬਧ ਕਰਵਾਉਣ ਵਿੱਚ ਥੋੜ੍ਹੀ ਜਿਹੀ ਮਦਦ ਕਰਨ ਲਈ ਮਿਲਿਆ ਸੀ, ਜਿਸ ਨੂੰ ਉਹ ਉਦੋਂ ਸਿਰਫ਼ ਆਪਣੇ ਮੋਸੇਰੇ ਭਰਾ ਦੇ ਗਾਹਕ ਵਜੋਂ ਜਾਣਦਾ ਸੀ। ਹੈਰੀ, ਡਰਾਈਵਰ ਸਤੀਸ਼ ਕੁਮਾਰ ਕਾਕਾ ਉਰਫ ਲੱਕੀ (30) ਦਾ ਮੋਸੇਰਾ ਭਰਾ ਹੈ, ਜਿਸ ਦੇ ਈ-ਆਟੋਰਿਕਸ਼ਾ ਦੀ ਵਰਤੋਂ ਮੁੱਖ ਮੁਲਜ਼ਮ ਨੇ ਕਾਲੀਆ ਦੇ ਘਰ ਪਹੁੰਚਣ ਅਤੇ ਗ੍ਰਨੇਡ ਸੁੱਟਣ ਲਈ ਕੀਤੀ ਸੀ। ਦੋਵਾਂ ਨੂੰ ਬੁੱਧਵਾਰ ਸ਼ਾਮ ਨੂੰ ਸ਼ਹਿਰ ਦੀ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਛੇ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।