ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮੁੱਖ ਮੰਤਰੀ ਖਿਲਾਫ਼ ਅਰਥੀ ਫੂਕ ਮੁਜ਼ਾਹਰਾ
ਜੋਗਿੰਦਰ ਸਿੰਘ ਮਾਨ
ਮਾਨਸਾ, 7 ਮਈ
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਵੱਲੋਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਧਮਕੀ ਦੇਣ ਖ਼ਿਲਾਫ਼ ਮਾਨਸਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਦਰਸਾਹੀ ਫ਼ਰਮਾਨ ਜਾਰੀ ਕਰਕੇ ਮੋਦੀ ਦੀਆਂ ਨਜ਼ਰਾਂ ’ਚ ਪੰਜਾਬ ਦੇ ਯੋਗੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਡਾ. ਅੰਬੇਡਕਰ ਦੀਆਂ ਫੋਟੋਆਂ ਲਾ ਕੇ ਵੋਟਾਂ ਲੈਣ ਵਾਲਾ ਮੁੱਖ ਮੰਤਰੀ ਲੋਕ ਆਵਾਜ਼ ਦਬਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਧਮਕੀ ਦੇਣਾ ਆਪ ਸਰਕਾਰ ਨੂੰ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੰਘਰਸ਼ਸ਼ੀਲ ਮਜ਼ਦੂਰ, ਕਿਸਾਨ, ਮੁਲਾਜ਼ਮ ਮੁੱਖ ਮੰਤਰੀ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਅਫ਼ਸਰਸ਼ਾਹੀ ਅਤੇ ਸੱਤਾਧਾਰੀ ਹਾਕਮ ਲੋਕ ਮੁੱਦਿਆਂ ’ਤੇ ਅੱਖਾਂ ਬੰਦ ਕਰ ਲੈਣ ਅਤੇ ਧਰਨਕਾਰੀਆਂ ਦੀ ਗੱਲ ਨਹੀਂ ਸੁਣਦੇ ਫਿਰ ਹਾਕਮਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਮਜਬੂਰ ਹੋ ਕੇ ਸੜਕਾਂ ਜਾਮ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸੜਕਾਂ ਜਾਮ ਕਰਨ ਦੇ ਮੁੱਖ ਕਸੂਰਵਾਰ ਹਾਕਮ ਤੇ ਅਫ਼ਸਰਸ਼ਾਹੀ ਹੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਮਾੜੀ ਬੋਲਚਾਲ ਨਾਲ ਪੰਜਾਬ ’ਚ ਆਮ ਆਦਮੀ ਪਾਰਟੀ ਦਾ ਪੱਤਾ ਸਾਫ਼ ਕਰਨ ’ਤੇ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਹੱਕਾਂ,ਅਧਿਕਾਰਾਂ ਲਈ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਨਿੱਕਾ ਸਿੰਘ, ਸੁਖਵਿੰਦਰ ਸਿੰਘ ਬੋਹਾ, ਗੋਰਾ ਸਿੰਘ ਕਲੀਪੁਰ, ਕਰਨੈਲ ਸਿੰਘ ਬੀਰੋਕੇ, ਆਟੋ ਵਰਕਰਜ਼ ਆਜ਼ਾਦ ਯੂਨੀਅਨ ਦੇ ਅਮਰੀਕ ਸਿੰਘ ਬੁਢਲਾਡਾ, ਬਿੰਦਰ ਸਿੰਘ, ਕੁਲਦੀਪ ਸਿੰਘ ਕੁਲਾਣਾ, ਜੱਗੀ ਸਿੰਘ, ਜਾਤੀ ਰਾਮ, ਪੰਜਾਬ ਰੋਡਵੇਜ ਕੰਟਰੈਕਟ ਵਰਕਰ ਯੂਨੀਅਨ ਦੇ ਸੱਤਪਾਲ ਸਿੰਘ ਵੀ ਮੌਜੂਦ ਸਨ।