ਮਜਬੂਰੀ ’ਚ ਅੰਬੇਡਕਰ ਅੱਗੇ ਝੁਕਦੀ ਹੈ ਭਾਜਪਾ: ਕੇਜਰੀਵਾਲ
ਨਵੀਂ ਦਿੱਲੀ, 14 ਅਪਰੈਲ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਭਾਜਪਾ ‘ਮਜਬੂਰੀ ਵਿੱਚ’ ਡਾ. ਬੀ.ਆਰ ਅੰਬੇਡਕਰ ਅੱਗੇ ਝੁਕਦੀ ਹੈ ਪਰ ਉਨ੍ਹਾਂ ਦੇ ਆਦਰਸ਼ਾਂ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਰਹੀ ਹੈ। ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੀ ਇਸ ਟਿੱਪਣੀ ’ਤੇ ਭਾਜਪਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅੰਬੇਡਕਰ ਜੈਅੰਤੀ ਮੌਕੇ ‘ਆਪ’ ਦੇ ਮੁੱਖ ਦਫ਼ਤਰ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਅਸੀਂ ਆਪਣੀ ਪਾਰਟੀ ਅਤੇ ਸਰਕਾਰ ਚਲਾਉਂਦੇ ਸਮੇਂ ਬਾਬਾ ਸਾਹਿਬ ਦੇ ਮਾਰਗ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਕਈ ਪਾਰਟੀਆਂ ਅਤੇ ਆਗੂ ਉਨ੍ਹਾਂ ਨੂੰ ਸਿਰਫ਼ ਦਿਖਾਵੇ ਲਈ ਯਾਦ ਕਰਦੇ ਹਨ, ਉਹ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਨਹੀਂ ਕਰਦੇ। ਉਦਾਹਰਣ ਵਜੋਂ ਕੋਈ ਹੋਰ ਪਾਰਟੀ ਸਿੱਖਿਆ ਨੂੰ ਤਰਜੀਹ ਨਹੀਂ ਦਿੰਦੀ, ਜੋ ਉਨ੍ਹਾਂ ਦੇ ਮੁੱਖ ਸਿਧਾਂਤਾਂ ’ਚੋਂ ਇੱਕ ਸੀ।’ ਉਨ੍ਹਾਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਪਿਛਲੀ ‘ਆਪ’ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਰੋਕ ਕੇ ਅੰਬੇਡਕਰ ਦੇ ਦ੍ਰਿਸ਼ਟੀਕੋਣ ਦੇ ਖ਼ਿਲਾਫ਼ ਕੰਮ ਕਰ ਰਹੀ ਹੈ। ਕੇਜਰੀਵਾਲ ਨੇ ਦਾਅਵਾ ਕੀਤਾ, ‘ਮੈਨੂੰ ਕਿਸੇ ਇੱਕ ਭਾਜਪਾ ਸ਼ਾਸਿਤ ਸੂਬੇ ਦਾ ਨਾਮ ਦੱਸੋ, ਜਿੱਥੇ ਸਿੱਖਿਆ ਦੇ ਖੇਤਰ ਵਿੱਚ ਚੰਗਾ ਕੰਮ ਹੋਇਆ ਹੈ। ਪਹਿਲਾਂ ਮੈਂ ਸੋਚਦਾ ਸੀ ਕਿ ਉਨ੍ਹਾਂ ਕੋਲ ਸਿੱਖਿਆ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਨਹੀਂ ਹੈ, ਪਰ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਉਹ ਅਜਿਹਾ ਕਰਨਾ ਵੀ ਨਹੀਂ ਚਾਹੁੰਦੇ। ਉਹ ਮਜਬੂਰੀ ਵਿੱਚ ਬਾਬਾ ਸਾਹਿਬ ਅੱਗੇ ਝੁਕਦੇ ਹਨ।’ ‘ਆਪ’ ਦੀ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ‘ਆਪ’ ਬਾਬਾ ਸਾਹਿਬ ਦੇ ਆਦਰਸ਼ਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਬਿਨਾਂ ਕਿਸੇ ਭੇਦਭਾਵ ਦੇ ਮਿਆਰੀ ਸਿੱਖਿਆ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਏਕਤਾ ਲਈ ਵਚਨਬੱਧ ਹਾਂ।’ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਸੰਵਿਧਾਨ ਰਾਹੀਂ ਕਰੋੜਾਂ ਭਾਰਤੀਆਂ ਨੂੰ ਅਧਿਕਾਰ ਦਿਵਾਉਣ ਦਾ ਸਿਹਰਾ ਡਾ. ਅੰਬੇਡਕਰ ਨੂੰ ਦਿੱਤਾ। ਆਤਿਸ਼ੀ ਨੇ ਕਿਹਾ, ‘ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾਂਜਲੀ। ਉਨ੍ਹਾਂ ਸੰਵਿਧਾਨ ਰਾਹੀਂ ਕਰੋੜਾਂ ਭਾਰਤੀਆਂ ਨੂੰ ਸਵੈ-ਮਾਣ, ਅਧਿਕਾਰ ਅਤੇ ਇਨਸਾਫ ਦਿਵਾਇਆ। ਅਸੀਂ ਸੰਵਿਧਾਨ ਦੀ ਸ਼ਕਤੀ ਰਾਹੀਂ ਹਰ ਜ਼ੁਲਮ ਨਾਲ ਲੜ ਕੇ ਬਾਬਾ ਸਾਹਿਬ ਦੇ ਸੁਫਨੇ ਸਾਕਾਰ ਕਰਾਂਗੇ। ਜੈ ਭੀਮ, ਜੈ ਸੰਵਿਧਾਨ।’ -ਪੀਟੀਆਈ