ਗੁਰਦੁਆਰਾ ਕਮੇਟੀ ਨੇ ਲਾਲ ਕਿਲੇ ’ਤੇ ਦਿੱਲੀ ਫ਼ਤਹਿ ਦਿਵਸ ਮਨਾਇਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਫ਼ਤਹਿ ਦਿਵਸ ਇਤਿਹਾਸਕ ਲਾਲ ਕਿਲ੍ਹੇ ’ਤੇ ਮਨਾਇਆ ਗਿਆ। ਇਸ ਦੌਰਾਨ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਕੀਤੇ ਬਹਾਦਰੀ ਵਾਲੇ ਕਾਰਨਾਮੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਸਮਾਗਮ ਵਿਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਮੈਂਬਰ ਪਾਰਲੀਮੈਂਟ ਸ੍ਰੀਮਤੀ ਕਮਲਜੀਤ ਸਹਿਰਾਵਤ, ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਾਹਲੋਂ, ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਦਿੱਲੀ ਦਰਬਾਰ ’ਤੇ ਕੀਤੀ ਫ਼ਤਹਿਦਾ ਜਸ਼ਨ ਅੱਜ ਸਾਰੀ ਦੁਨੀਆਂ ਨੂੰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1783 ਵਿੱਚ ਹਾਸਲ ਕੀਤੀ ਇਸ ਜਿੱਤ ਨੇ ਦਿੱਲੀ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦਾ ਮਸ਼ਹੂਰ ਮੋਰੀ ਪੁਲ ਉਸ ਇਤਿਹਾਸ ਅਸਥਾਨ ’ਤੇ ਹੈ ਜਿਸ ਥਾਂ ’ਤੇ ਮੋਰੀ ਕੱਢ ਕੇ ਖਾਲਸਾਈ ਫੌਜਾਂ ਲਾਲ ਕਿਲ੍ਹੇ ਵਿੱਚ ਦਾਖਲ ਹੋਈਆਂ ਤੇ ਫ਼ਤਹਿ ਦਰਜ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰੀਕੇ ਤੀਸ ਹਜ਼ਾਰੀ ਕੋਰਟ ਵਾਲੀ ਥਾਂ ਉਸ ਤੀਸ ਹਜ਼ਾਰੀ ਫੌਜ ਦੇ ਪੜਾਅ ਦਾ ਅਸਥਾਨ ਹੈ ਜਿਸ ਫੌਜ ਨੇ ਮੁਗਲ ਬਾਦਸ਼ਾਹ ਨੂੰ ਹਰਾਉਣ ਦਾ ਕੰਮ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਮੁਗਲ ਬਾਦਸ਼ਾਹ ’ਤੇ ਫ਼ਤਹਿ ਹਾਸਲ ਕਰਨੀ ਸਾਡੀ ਕੌਮ ਵਾਸਤੇ ਬਹੁਤ ਹੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਖੁਸ਼ੀਆਂ ਗੁਰੂ ਸਾਹਿਬ ਨੇ ਸਾਡੀ ਝੋਲੀ ਪਾਈਆਂ ਹਨ ਕਿ ਅਸੀਂ ਦਿੱਲੀ ਫ਼ਤਹਿ ਦਿਵਸ ਉਸ ਲਾਲ ਕਿਲ੍ਹੇ ’ਤੇ ਮਨਾ ਰਹੇ ਹਾਂ ਜਿਸ ਲਾਲ ਕਿਲ੍ਹੇ ਤੋਂ ਮੁਗਲ ਬਾਦਸ਼ਾਹ ਸਾਡੀ ਕੌਮ ਤੇ ਮਨੁੱਖਤਾ ਦੇ ਖ਼ਿਲਾਫ਼ ਹੁਕਮ ਜਾਰੀ ਕਰਦੇ ਸਨ ਤੇ ਸਾਡੇ ਮਹਾਨ ਜਰਨੈਲਾਂ ਨੇ ਮੁਗਲ ਬਾਦਸ਼ਾਹ ’ਤੇ ਨਾ ਸਿਰਫ ਫ਼ਤਹਿ ਦਰਜ ਕੀਤੀ ਬਲਕਿ ਉਨ੍ਹਾਂ ਦਾ ਤਖ਼ਤ ਪੁੱਟ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਜਾ ਕੇ ਭੇਟ ਕੀਤਾ ਜੋ ਅੱਜ ਵੀ ਬੁੰਗਾ ਰਾਮਗੜ੍ਹੀਆ ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪਿਆ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ 1 ਜੂਨ ਤੋਂ ਗੁਰਦੁਆਰਾ ਬਾਲਾ ਸਾਹਿਬ ਵਿੱਚ ਲੋੜਵੰਦਾਂ ਲਈ ਅੱਖਾਂ ਦੇ ਮੁਫਤ ਅਪਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ।
ਨਿਹੰਗ ਜਥੇਬੰਦੀਆਂ ਨੇ ਜਰਨੈਲੀ ਮਾਰਚ ਸਜਾਇਆ
ਇਸ ਦੌਰਾਨ ਅੱਜ ਨਿਹੰਗ ਸਿੰਘਾਂ ਤੇ ਹੋਰ ਜਥੇਬੰਦੀਆਂ ਵੱਲੋਂ ਛੱਤਾ ਪੁਲ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਸਜਾਇਆ ਗਿਆ। ਇਸ ਮਾਰਚ ਵਿਚ ਘੋੜਿਆਂ, ਹਾਥੀਆਂ ’ਤੇ ਸਵਾਰ ਨਿਹੰਗ ਸਿੰਘਾਂ ਦੇ ਨਾਲ-ਨਾਲ ਹੋਰ ਪੰਥਕ ਦਲਾਂ ਦੇ ਮੈਂਬਰ ਵੀ ਸ਼ਾਮਲ ਹੋਏ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਮਾਰਚ ਦੇਰ ਸ਼ਾਮ ਲਾਲ ਕਿਲ੍ਹੇ ’ਤੇ ਸਮਾਪਤ ਹੋਇਆ। ਸਮਾਗਮ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ, ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਤੇ ਸੰਗਤ ਵੱਡੀ ਗਿਣਤੀ ਵਿਚ ਸ਼ਾਮਲ ਹੋਈ।