ਕੈਨੇਡਾ ਚੋਣਾਂ ਦੇ ਨਤੀਜੇ ਖਾਲਿਸਤਾਨੀ ਨਿਰਧਾਰਿਤ ਨਹੀਂ ਕਰਨਗੇ: ਅਜੈ ਬਿਸਾਰੀਆ
ਨਵੀਂ ਦਿੱਲੀ, 21 ਅਪਰੈਲ
Canada news ਕੈਨੇਡਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕਿਹਾ ਕਿ ਕੈਨੇਡਾ ਵਿਚ 28 ਅਪਰੈਲ ਨੂੰ ਹੋਣ ਵਾਲੀ ਸੰਘੀ ਚੋਣਾਂ ਦੇ ਨਤੀਜੇ ਖਾਲਿਸਤਾਨੀ ਨਿਰਧਾਰਿਤ ਨਹੀਂ ਕਰਨਗੇ। ਬਿਸਾਰੀਆ ਨੇ ਕੈਨੇਡੀਅਨ ਸਿਆਸਤ ਵਿੱਚ ਖਾਲਿਸਤਾਨੀ ਅਨਸਰਾਂ ਦੇ ਪ੍ਰਭਾਵ ਉੱਤੇ ਰੌਸ਼ਨੀ ਪਾਉਂਦਿਆਂ ਇਸ ਨੂੰ ਜ਼ੁਬਾਨੀ ਅਤੇ ਰਣਨੀਤਕ ਤੌਰ ’ਤੇ ਸਰਗਰਮ ਭਾਰਤ ਵਿਰੋਧੀ ਸਮੂਹ ਵੱਲੋਂ ‘ਅਨੁਪਾਤਕ ਕਬਜ਼ਾ’ ਦੱਸਿਆ। ਸਾਬਕਾ ਹਾਈ ਕਮਿਸ਼ਨਰ ਨੇ ਕਿਹਾ ਕਿ ਇਹ ਸਮੂਹ ਭਾਵੇਂ ਪਿਛਲੇ 40 ਸਾਲਾਂ ਤੋਂ ਮੌਜੂਦ ਹੈ, ਪਰ ਚੋਣ ਨਤੀਜੇ ਨਿਰਧਾਰਿਤ ਕਰਨ ਵਿੱਚ ਇਨ੍ਹਾਂ ਵੱਲੋਂ ਅਹਿਮ ਭੂਮਿਕਾ ਨਿਭਾਉਣ ਦੀ ਸੰਭਾਵਨਾ ਘੱਟ ਹੈ।
ਏਐਨਆਈ ਨਾਲ ਇੱਕ ਇੰਟਰਵਿਊ ਵਿੱਚ, ਬਿਸਾਰੀਆ ਨੇ ਕਿਹਾ, ‘‘ਇੱਕ ਬਹੁਤ ਹੀ ਸ਼ਾਤਿਰ ਅਤੇ ਸਰਗਰਮ ਭਾਰਤ ਵਿਰੋਧੀ ਖਾਲਿਸਤਾਨੀ ਸਮੂਹ ਵੱਲੋਂ ਕੀਤਾ ਖਾਸ ਤੇ ਅਨੁਪਾਤਕ ਕਬਜ਼ਾ ਹੈ। ਪਰ ਇਹ ਚਾਰ ਦਹਾਕਿਆਂ ਤੋਂ ਕੈਨੇਡੀਅਨ ਸਿਆਸਤ ਵਿੱਚ ਇੱਕ ਢਾਂਚਾਗਤ ਹਕੀਕਤ ਹੈ। ਅਸੀਂ ਇਸ ਨੂੰ ਕੁਝ ਸਮੇਂ ਤੋਂ ਕਾਰਜਸ਼ੀਲ ਦੇਖਿਆ ਹੈ, ਅਤੇ ਇਨ੍ਹਾਂ ਲੋਕਾਂ ਦਾ ਥੋੜ੍ਹਾ ਬਹੁਤ ਦਬਦਬਾ ਹੈ, ਪਰ ਇਹ ਚੋਣ ਉਨ੍ਹਾਂ ਬਾਰੇ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਉਹ 28 ਅਪਰੈਲ ਦੀਆਂ ਚੋਣਾਂ ਦੇ ਨਤੀਜੇ ਨਿਰਧਾਰਿਤ ਨਹੀਂ ਕਰਨਗੇ, ਕਿਉਂਕਿ ਮੈਂ ਦਲੀਲ ਨਾਲ ਕਹਾਂਗਾ ਕਿ ਇਹ ਚੋਣ ਟਰੰਪ ਬਾਰੇ ਹੈ...।’’ ਬਿਸਾਰੀਆ ਨੇ ਅੱਗੇ ਭਾਰਤ-ਕੈਨੇਡਾ ਸਬੰਧਾਂ ਵਿੱਚ ਸੁਧਾਰ ਦੀ ਆਸ ਜਤਾਈ, ਜਿਸ ਵਿੱਚ ਹਾਈ ਕਮਿਸ਼ਨਰਾਂ ਦਾ ਆਦਾਨ-ਪ੍ਰਦਾਨ ਅਤੇ ਵਪਾਰ ਸਮਝੌਤੇ ’ਤੇ ਪ੍ਰਗਤੀ ਸ਼ਾਮਲ ਹੈ। ਉਨ੍ਹਾਂ ਇਸ ਨੂੰ ਰਿਸ਼ਤਿਆਂ ਨੂੰ ‘ਸਥਿਰ ਅਤੇ ਆਮ’ ਕਰਨ ਦਾ ਸਮਾਂ ਕਿਹਾ।
ਬਿਸਾਰੀਆ ਨੇ ਕਿਹਾ, ‘‘ਮੈਂ ਜੋ ਇਕ ਵਿਆਪਕ ਨੁਕਤਾ ਉਠਾ ਰਿਹਾ ਹਾਂ ਉਹ ਇਹ ਹੈ ਕਿ ਅਸੀਂ ਇੱਕ ਮੋੜ ’ਤੇ ਹਾਂ। ਕੈਨੇਡਾ ਜੇ ਛੋਟੀ ਜਿਹੀ ਘੱਟਗਿਣਤੀ, ਜੋ ਸਿਆਸਤ ਦੇ ਕੁਝ ਹਿੱਸਿਆਂ ’ਤੇ ਕਬਜ਼ਾ ਕਰਨ ਵਿਚ ਹੁਸ਼ਿਆਰ ਹੈ, ਦੀ ਥਾਂ ਆਪਣੇ ਕੌਮੀ ਹਿੱਤ ਵਿੱਚ ਗੱਲ ਕਰਦਾ ਹੈ, ਤਾਂ ਮੈਂ ਕਹਾਂਗਾ ਕਿ ਚੋਣਾਂ ਤੋਂ ਬਾਅਦ, ਸਾਡੇ ਕੋਲ ਅਜੇ ਵੀ ਇਸ ਰਿਸ਼ਤੇ ਨੂੰ ਬਣਾਉਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ।’’
ਇਸ ਦੌਰਾਨ ਕੈਨੇਡੀਅਨ ਪੱਤਰਕਾਰ ਡੈਨੀਅਲ ਬੋਰਡਮੈਨ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਲਕਸ਼ਮੀ ਨਰਾਇਣ ਮੰਦਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਭੰਨਤੋੜ ’ਤੇ ਫ਼ਿਕਰ ਜਤਾਇਆ ਹੈ।
ਬੋਰਡਮੈਨ ਨੇ ਇਸ ਘਟਨਾ ਨੂੰ ਲੈ ਕੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਪੱਤਰਕਾਰ ਨੇ ਦੱਸਿਆ ਕਿ ਮੰਦਰ ਪ੍ਰਸ਼ਾਸਨ ਤੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਪੁਲੀਸ ਤੇ ਸਿਆਸੀ ਆਗੂ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਤੇ ਲੋੜੀਂਦੀ ਸੁਰੱਖਿਆ ਵੀ ਨਹੀਂ ਦਿੱਤੀ ਜਾ ਰਹੀ ਹੈ। ਬੋਰਡਮੈਨ ਨੇ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਵੈਨਕੂਵਰ ਦੇ ਰੌਸ ਸਟਰੀਟ ਗੁਰਦੁਆਰੇ ਵਿਚ ਵੀ ਖਾਲਿਸਤਾਨੀ ਪੱਖੀ ਨਾਅਰੇ ਲਿਖ ਕੇ ਬੇਅਦਬੀ ਕੀਤੀ ਗਈ। ਇਸ ਤੋਂ ਸਾਫ਼ ਹੈ ਕਿ ਇਹ ਕੋਈ ਫਿਰਕੂ ਟਕਰਾਅ ਨਹੀਂ ਬਲਕਿ ਸਮਾਜ ਨੂੰ ਵੰਡਣ ਦੀ ਸਾਜ਼ਿਸ਼ ਹੈ।
ਕੈਨੇਡੀਅਨ ਹਿੰਦੂ ਚੈਂਬਰ ਆਫ਼ ਕਾਮਰਸ ਨੇ ਮੰਦਰ ’ਤੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ‘ਨਫ਼ਰਤ ਦੀ ਸਿਆਸਤ’ ਕਿਹਾ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਵੀ ਇਸ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਕੱਟੜਪੰਥੀ ਤਾਕਤਾਂ ਦਿਨੋ-ਦਿਨ ਸ਼ਕਤੀਸ਼ਾਲੀ ਹੁੰਦੀਆਂ ਜਾ ਰਹੀਆਂ ਹਨ ਅਤੇ ਹੁਣ ਉਹ ਨਾ ਸਿਰਫ਼ ਹਿੰਦੂ ਮੰਦਰਾਂ ਸਗੋਂ ਸਿੱਖ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ, ‘‘ਹੁਣ ਚੁੱਪ ਬੈਠਣ ਦਾ ਸਮਾਂ ਨਹੀਂ ਹੈ। ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਇਕਜੁੱਟ ਹੋ ਕੇ ਸਰਕਾਰ ਤੋਂ ਜਵਾਬ ਮੰਗਣਾ ਪਵੇਗਾ।’’ -ਏਐੱਨਆਈ