ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਫਿਲਮ ਮੇਕਿੰਗ ’ਤੇ ਵਰਕਸ਼ਾਪ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਪਰੈਲ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਫ਼ਿਲਮ ਮੇਕਿੰਗ ਸਬੰਧੀ ਵਰਕਸ਼ਾਪ ਲਗਾਈ ਗਈ। ਇਸ ਵਿੱਚ ਪ੍ਰੋਫੈਸ਼ਨਲ ਵੀਡੀਓਗ੍ਰਾਫ਼ਰ ਤੇ ਫ਼ੋਟੋਗਰਾਫ਼ਰ ਪੁਨੀਤ ਸਬਨਾਨੀ ਨੇ ਵਿਦਿਆਰਥੀਆਂ ਨੂੰ ਫ਼ਿਲਮ ਮੇਕਿੰਗ ਦੇ ਤਕਨੀਕੀ ਪਹਿਲੂਆਂ ਤੋਂ ਜਾਣੂ ਕਰਵਾਇਆ। ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਨਛੱਤਰ ਸਿੰਘ ਨੇ ਕਿਹਾ ਫ਼ਿਲਮ ਮੇਕਿੰਗ ਦੇ ਖੇਤਰ ਵਿੱਚ ਹੁਰਨਮੰਦ ਲੋਕਾਂ ਲਈ ਰੁਜ਼ਗਾਰ ਦੇ ਵਧੀਆ ਵਸੀਲੇ ਹਨ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਵਿਦਿਆਰਥੀ ਵਧੀਆ ਆਡੀਓ ਵੀਡੀਓ ਟੈਕਸਟ ਦੇ ਨਿਰਮਾਣ ਰਾਹੀਂ ਆਰਥਿਕ ਤੌਰ ’ਤੇ ਨਿਰਭਰ ਹੋ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਅਜਿਹੀਆਂ ਹੋਰ ਵਰਕਸ਼ਾਪਾਂ ਲਾਈਆਂ ਜਾਣਗੀਆਂ। ਸਵੇਰੇ ਗਿਆਰਾਂ ਤੋਂ ਸ਼ਾਮ ਪੰਜ ਵਜੇ ਤੱਕ ਚੱਲੀ ਵਰਕਸ਼ਾਪ ਵਿੱਚ ਪੁਨੀਤ ਸਬਨਾਨੀ ਨੇ ਸਭ ਤੋਂ ਪਹਿਲਾਂ ਇਸ ਖੇਤਰ ਵਿੱਚ ਸਥਾਪਤ ਹੋਣ ਦੀ ਕਹਾਣੀ ਨੂੰ ਬਿਆਨ ਕੀਤਾ। ਪੁਨੀਤ ਨੇ ਕਿਹਾ ਕਿ ਵਧੀਆ ਆਡੀਓ ਵੀਡੀਓ ਟੈਕਸਟ ਦੇ ਨਿਰਮਾਣ ਦੇ ਨਾਲ ਇਸ ਕਾਰਜ ਵਿੱਚ ਲਗਾਤਾਰਤਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਪੁਨੀਤ ਨੇ ਕਿਹਾ ਇਸ ਖੇਤਰ ਵਿੱਚ ਉਹੀ ਅਗਾਂਹ ਵਧਦੇ ਹਨ ਜੋ ਇਸ ਖੇਤਰ ਵਿੱਚ ਜਨੂੰਨ ਨਾਲ ਕੰਮ ਕਰਦੇ ਹਨ। ਪੁਨੀਤ ਨੇ ਕੈਮਰੇ ਦੇ ਇਤਿਹਾਸ ਦੇ ਨਾਲ-ਨਾਲ ਕੈਮਰੇ ਦੇ ਤਕਨੀਕੀ ਪਹਿਲੂਆਂ ਤੋਂ ਵੀ ਜਾਣੂ ਕਰਾਇਆ। ਮੋਬਾਈਲ ਅਤੇ ਪ੍ਰੋਫੈਸ਼ਨਲ ਕੈਮਰੇ ਵਿਚਲੇ ਤਕਨੀਕੀ ਅੰਤਰਾਂ ਨੂੰ ਸਮਝਾਉਂਦਿਆਂ, ਫ਼ੋਟੋ ਖਿੱਚਣ ਸਮੇਂ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ਬਾਰੇ ਵੀ ਦੱਸਿਆ। ਪੁਨੀਤ ਨੇ ਕਿਹਾ ਕਿਸੇ ਵੀ ਵੀਡੀਓ ਵਿੱਚ ਸਾਫ਼ ਤੇ ਸਪਸ਼ਟ ਆਡੀਓ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਵਰਕਸ਼ਾਪ ਦਾ ਦੂਜਾ ਸੈਸ਼ਨ ਵਿਹਾਰਕ ਤੌਰ ’ਤੇ ਫ਼ਿਲਮ ਮੇਕਿੰਗ ਦੇ ਤਕਨੀਕੀ ਗੁਰ ਸਿਖਾਉਣ ਨਾਲ ਸਬੰਧਤ ਸੀ। ਪੁਨੀਤ ਸਬਨਾਨੀ ਨੇ ਲਾਈਟਾਂ ਦੇ ਪ੍ਰਭਾਵ ਰਾਹੀਂ ਵੀਡੀਓ ਦੇ ਵਧੀਆ ਫਰੇਮ ਬਣਾਉਣ ਦੀ ਕਲਾ ਸਿਖਾਈ। ਪੁਨੀਤ ਨੇ ਦੱਸਿਆ ਕਿ ਲਾਈਟਾਂ ਦੀ ਸਹੀ ਵਰਤੋਂ ਨਾਲ ਹੀ ਕਿਸੇ ਵੀਡੀਓ ਨੂੰ ਵਧੀਆ ਬਣਾਇਆ ਜਾ ਸਕਦਾ ਹੈ। ਵੀਡੀਓ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਨ੍ਹਾਂ ਨੇ ਵੱਖ-ਵੱਖ ਫਿਲਟਰਾਂ ਦੀ ਵਰਤੋਂ ਕਰਕੇ ਦਿਖਾਈ। ਪੁਨੀਤ ਨੇ ਆਪਣੀਆਂ ਬਣਾਈਆਂ ਲਘੂ ਫ਼ਿਲਮਾਂ ਦਿਖਾ ਕੇ, ਨਿਰਦੇਸ਼ਨ ਦੇ ਤਕਨੀਕੀ ਨੁਕਤਿਆਂ ਤੋਂ ਜਾਣੂ ਕਰਾਇਆ। ਉਸ ਨੇ ਵੀਡੀਓਗ੍ਰਾਫ਼ੀ ਵਿੱਚ ਸਹਾਇਕ ਸੰਦਾਂ ਦੀ ਪ੍ਰਦਰਸ਼ਨੀ ਲਗਾ ਕੇ ਹਰ ਉਤਪਾਦ ਬਾਰੇ ਵਿਸਥਾਰ ਸਹਿਤ ਜਾਣੂ ਕਰਾਇਆ। ਇਸ ਉਪਰੰਤ ਵਿਦਿਆਰਥੀਆਂ ਨੇ ਆਪਣੇ ਸ਼ੰਕਿਆਂ ਨੂੰ ਲੈ ਕੇ ਸਵਾਲ ਕੀਤੇ ਜਿਨ੍ਹਾਂ ਦਾ ਪੁਨੀਤ ਨੇ ਬਹੁਤ ਹੀ ਸਪੱਸ਼ਟਤਾ ਨਾਲ ਨਿਵਾਰਨ ਕੀਤਾ। ਇਸ ਵਰਕਸ਼ਾਪ ਵਿੱਚ ਡਾ. ਬਲਜਿੰਦਰ ਨਸਰਾਲੀ, ਡਾ. ਰਜਨੀ ਬਾਲਾ, ਡਾ. ਯਾਦਵਿੰਦਰ ਸਿੰਘ, ਡਾ. ਰੰਜੂ ਬਾਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਸ਼ਿਰਕਤ ਕੀਤੀ।