ਭੋਆ ਹਲਕੇ ’ਚ ਪਾਰਕ ਤੇ ਖੇਡ ਨਰਸਰੀਆਂ ਦਾ ਨਿਰਮਾਣ ਕਰਾਂਗੇ: ਕਟਾਰੂਚੱਕ
ਐੱਨਪੀ. ਧਵਨ
ਪਠਾਨਕੋਟ, 5 ਅਪਰੈਲ
ਭੋਆ ਵਿਧਾਨ ਸਭਾ ਹਲਕੇ ਨੂੰ ਨਸ਼ਾ ਮੁਕਤ ਇਲਾਕਾ ਬਣਾਉਣ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ। ਜਿਸ ਦੇ ਤਹਿਤ ਵਾਤਾਵਰਨ ਪਾਰਕ ਬਣਾਏ ਜਾ ਰਹੇ ਹਨ ਅਤੇ ਖੇਡ ਨਰਸਰੀਆਂ ਦਾ ਨਿਰਮਾਣ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿੱਚ 54 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੂਬਸੂਰਤ ਵਾਤਾਵਰਨ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਹਿੰਦੂ-ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਵਿਜੇ ਪਾਸੀ, ਐਕਸੀਅਨ ਕਮਲ ਨੈਨ, ਐਸਡੀਓ ਪਰਵਿੰਦਰ ਸਿੰਘ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਰਨਾ ਵਿਖੇ ਜਿਸ ਜਗ੍ਹਾ ਪਾਰਕ ਦੀ ਉਸਾਰੀ ਕੀਤੀ ਜਾਵੇਗੀ, ਇਥੇ ਪਹਿਲਾਂ ਬਹੁਤ ਵੱਡਾ ਛੱਪੜ ਹੁੰਦਾ ਸੀ। ਹੁਣ ਇਥੇ ਲੋਕਾਂ ਨੂੰ ਤਨਾਅ ਰਹਿਤ ਮਾਹੌਲ ਦੇਣ ਲਈ ਪਾਰਕ ਉਸਾਰਿਆ ਜਾਵੇਗਾ, ਜਿੱਥੇ ਇਕ ਗਜੀਬੋ ਬਣਾਇਆ ਜਾਵੇਗਾ ਤੇ ਉਥੇ ਲੋਕ ਯੋਗ ਕਰ ਸਕਣਗੇ। ਇਸ ਦੇ ਨਾਲ ਹੀ ਮਿਊਜ਼ਿਕ ਸਿਸਟਮ ਵੀ ਲਗਾਇਆ ਜਾਵੇਗਾ ਤਾਂ ਜੋ ਉਥੇ ਰੂਹਾਨੀਅਤ ਭਰਿਆ ਮਾਹੌਲ ਸਿਰਜਨ ਲਈ ਸੰਗੀਤ ਦੀਆਂ ਧੁਨਾਂ ਸਵੇਰ ਸਾਰ ਲੋਕਾਂ ਦੇ ਕੰਨਾਂ ਵਿੱਚ ਗੂੰਜਣਗੀਆਂ। ਇਸ ਦੇ ਇਲਾਵਾ ਓਪਨ ਜਿੰਮ ਵੀ ਬਣਾਇਆ ਜਾਵੇਗਾ।
ਇੱਕ ਵੱਖਰੀ ਪ੍ਰੈੱਸ ਮਿਲਣੀ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਕਰੋੜਾਂ ਰੁਪਏ ਰੂਰਲ ਡਿਵੈਲਪਮੈਂਟ ਫੰਡ ਦੇ ਰੋਕ ਰੱਖੇ ਹਨ ਪਰ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਜ਼ਿਲ੍ਹਾ ਪਠਾਨਕੋਟ ਦੀਆਂ 205 ਸੜਕਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇੰਨ੍ਹਾਂ ਵਿੱਚੋਂ 74 ਸੜਕਾਂ ਵਿਧਾਨ ਸਭਾ ਹਲਕਾ ਭੋਆ ਦੀਆਂ ਹਨ ਅਤੇ 131 ਸੜਕਾਂ ਪਠਾਨਕੋਟ ਤੇ ਸੁਜਾਨਪੁਰ ਹਲਕਿਆਂ ਦੀਆਂ ਹਨ। ਇਨ੍ਹਾਂ ਦਾ ਕੰਮ ਬਹੁਤ ਜਲਦੀ ਸ਼ੁਰੂ ਹੋ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।