ਭਾਜਪਾ ਦੇ ਸਮਰਥਨ ਨਾਲ ‘ਆਪ’ ਦਾ ਨਗਰ ਕੌਂਸਲ ਤਲਵਾੜਾ ’ਤੇ ਕਬਜ਼ਾ
ਤਲਵਾੜਾ, 9 ਅਪਰੈਲ
ਤਲਵਾੜਾ ਨਗਰ ਕੌਂਸਲ ਵਿੱਚ ਭਾਜਪਾ ਦੇ ਸਮਰਥਨ ਨਾਲ ‘ਆਪ’ ਦੇ ਹਰਸ਼ ਕੁਮਾਰ ਉਰਫ਼ ਆਸ਼ੂ ਅਰੋੜਾ ਪ੍ਰਧਾਨ ਅਤੇ ਯੁਵਾ ਆਗੂ ਅੰਕੁਸ਼ ਸੂਦ ਉਪ ਪ੍ਰਧਾਨ ਬਣੇ। ਅੱਜ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਤਿੱਖੀ ਝੜਪ ਹੋਈ। ਝੜਪ ਦੌਰਾਨ ਸੱਤਾਧਾਰੀ ਧਿਰ ’ਤੇ ਸਾਬਕਾ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਧੱਕਾ-ਮੁੱਕੀ ਦੀਆਂ ਵਾਈਰਲ ਵੀਡਿਓ ਇਲਾਕੇ ’ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪਾਰਟੀ ਪ੍ਰਧਾਨ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਨੇ ਸੱਤਾਧਾਰੀ ਧਿਰ ’ਤੇ ਬਾਹਰੋਂ ਬੰਦੇ ਮੰਗਵਾ ਕੇ ਸ਼ਾਂਤਮਈ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੇ ਦੋਸ਼ ਲਗਾਏ ਹਨ। ਦੱਸ ਦੇਈਏ ਕਿ 13 ਮੈਂਬਰੀ ਨਗਰ ਕੌਂਸਲ ਤਲਵਾੜਾ ’ਚ ਬੀਤੇ ਮਹੀਨੇ ਦੀ ਦੋ ਤਰੀਕ ਨੂੰ ਆਏ ਨਤੀਜਿਆਂ ’ਚ ਕਾਂਗਰਸ ਅਤੇ ‘ਆਪ’ ਨੂੰ 6-6 ਸੀਟਾਂ ਹਾਸਲ ਹੋਈਆਂ ਸਨ, ਜਦਕਿ ਭਾਜਪਾ ਨੂੰ ਇੱਕੋ ਸੀਟ ’ਤੇ ਜਿੱਤ ਹਾਸਲ ਹੋਈ ਸੀ।
ਅੱਜ ਕਨਵੀਨਰ ਕਮ ਐੱਸਡੀਐੱਮ ਮੁਕੇਰੀਆਂ ਕੰਵਲਜੀਤ ਸਿੰਘ ਨੇ ਕਰੀਬ 11 ਵਜੇ ਚੁਣੇ ਹੋਏ 13 ਕੌਂਸਲਰਾਂ ਨੂੰ ਸੰਹੁ ਚੁਕਾਈ, ਉਪਰੰਤ ਪ੍ਰਧਾਨ ਪਦ ਲਈ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ। ਇਸ ਦੌਰਾਨ ਸੱਤਾਧਾਰੀ ਧਿਰ ਹਰਸ਼ ਕੁਮਾਰ ਉਰਫ਼ ਆਸ਼ੂ ਅਰੋੜਾ ਅਤੇ ਕਾਂਗਰਸ ਪਾਰਟੀ ਵੱਲੋਂ ਮੁਨੀਸ਼ ਚੱਢਾ ਦਾ ਨਾਮ ਪ੍ਰਧਾਨਗੀ ਦੇ ਅਹੁਦੇ ਲਈ ਪੇਸ਼ ਕੀਤਾ ਗਿਆ ਪਰ ਭਾਜਪਾ ਦੇ ਕੌਂਸਲਰ ਰਜਨੀਸ਼ ਕੁਮਾਰ ਬਿੱਟੂ ਵੱਲੋਂ ਸੱਤਾਧਾਰੀ ਪਾਰਟੀ ਨੂੰ ਬਾਹਰੋਂ ਸਰਮਥਨ ਦੇਣ ਅਤੇ ਵਿਧਾਇਕ ਕਰਮਬੀਰ ਘੁੰਮਣ ਦੀ ਵੋਟ ਨਾਲ ਸੱਤਾਧਾਰੀ ਧਿਰ ਅੱਠ ਵੋਟਾਂ ਨਾਲ ਆਪਣਾ ਪ੍ਰਧਾਨ ਬਣਾਉਣ ’ਚ ਕਾਮਯਾਬ ਹੋਈ। ਉਪ ਪ੍ਰਧਾਨ ਯੁਵਾ ਆਗੂ ਅੰਕੁਸ਼ ਸੂਦ ਨੂੰ ਬਣਾਇਆ ਗਿਆ। ਭਾਜਪਾ ਅਤੇ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਨਗਰ ਕੌਂਸਲ ਤਲਵਾੜਾ ਦਾ ਪ੍ਰਧਾਨ ਬਣਾਉਣ ਵਿਚ ਕਾਮਯਾਬ ਰਹੀ। ਵਿਧਾਇਕ ਘੁੰਮਣ ਨੇ ਨਵੇਂ ਚੁਣੇ ਕੌਂਸਲਰਾਂ ਨਾਲ ਸ਼ਹਿਰ ’ਚ ਜੇਤੂ ਮਾਰਚ ਕੱਢਿਆ। ਨਵਨਿਯੁਕਤ ਪ੍ਰਧਾਨ ਹਰਸ਼ ਕੁਮਾਰ ਅਤੇ ਉਪ ਪ੍ਰਧਾਨ ਅੰਕੁਸ਼ ਸੂਦ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਵੱਲੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਦਾ ਭਰੋਸਾ ਦਿਵਾਇਆ।
ਲੋਕਾਂ ਨੂੰ ਡਰਾਉਣ ਅਤੇ ਧਮਕਾਉਣ ਦੇ ਦੋਸ਼
ਨਗਰ ਕੌਂਸਲ ਤਲਵਾੜਾ ਦੇ ਪ੍ਰਧਾਨ ਦੀ ਚੋਣ ਉਪਰੰਤ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਦੀ ਅਗਵਾਈ ਹੇਠ ਪ੍ਰੈੱਸ ਮੀਟਿੰਗ ਕੀਤੀ। ਉਨ੍ਹਾਂ ਵਾਈਰਲ ਵੀਡਿਓਜ਼ ਦੇ ਹਵਾਲੇ ਨਾਲ ਸਰਕਾਰੀਤੰਤਰ ਦਾ ਦੁਰਉਪਯੋਗ ਕਰਦਿਆਂ ਸਥਾਨਕ ਲੋਕਾਂ ਨੂੰ ਡਰਾਉਣ ਅਤੇ ਧਮਕਾਉਣ ਦੇ ਦੋਸ਼ ਲਗਾਏ।