ਭੰਡਾਰੀ ਪੁਲ ’ਤੇ ਕਿਸਾਨਾਂ ਵੱਲੋਂ ਮੀਟਿੰਗ
ਅੰਮ੍ਰਿਤਸਰ, 9 ਅਪਰੈਲ
ਅੰਮ੍ਰਿਤਸਰ ਦੇ ਭੰਡਾਰੀ ਪੁਲ ’ਤੇ ਜ਼ਿਲ੍ਹੇ ਦੇ ਕਿਸਾਨਾਂ ਦਾ ਇਕੱਠ ਹੋਇਆ, ਜਿਸ ਦੀ ਪ੍ਰਧਾਨਗੀ ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਮੁਖਤਾਰ ਸਿੰਘ ਮੁਹਾਵਾ ਅਤੇ ਗੁਰਮੇਜ ਸਿੰਘ ਤਿਮੋਵਾਲ ਨੇ ਕੀਤੀ। ਇਸ ਵਿੱਚ ਬਾਹਰੀ ਸੂਬਿਆਂ ਤੋਂ ਆਏ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।
ਬੀਤੇ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਨਾਲ ਸਬੰਧਤ ਡੈਲੀਗੇਟ ਆਧਾਰਤ ਕਿਸਾਨ ਆਗੂਆਂ ਦੀ ਸਾਂਝੀ ਮੀਟਿੰਗ ਕਰਵਾਈ ਗਈ ਸੀ, ਜਿਸ ਵਿੱਚ ਬਾਹਰੀ ਸੂਬਿਆਂ ਦੇ ਕਿਸਾਨ ਆਗੂਆਂ ਦੀ ਸੂਬੇ ਦੇ ਕਿਸਾਨਾਂ ਨਾਲ ਸਾਂਝ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ। ਕੇਰਲਾ ਤੋਂ ਆਏ ਕਿਸਾਨ ਆਗੂ ਕੇਐੱਸ ਹਰੀਹਰਨ ਅਤੇ ਬਿਹਾਰ ਤੋਂ ਆਏ ਕਿਸਾਨ ਆਗੂ ਭੂਪ ਨਰਾਇਣ ਸਿੰਘ ਨੇ ਅਪੀਲ ਕੀਤੀ ਕਿ ਕਿਸਾਨ ਆਰਥਿਕ ਮੰਗਾਂ ਦੇ ਨਾਲ ਨਾਲ ਵਿਚਾਰਧਾਰਕ ਰਾਜਨੀਤਿਕ ਮਸਲਿਆਂ ਪ੍ਰਤੀ ਜਾਗਰੂਕ ਹੋਣ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਆਉਂਦੇ 6 ਮਹੀਨਿਆਂ ਵਿੱਚ 13 ਸੂਬਿਆਂ ’ਤੇ ਆਧਾਰਤ ਇੱਕ ਸਾਂਝੀ ਕਮੇਟੀ ਗਠਤ ਕੀਤੀ ਜਾਵੇਗੀ, ਜੋ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ, ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਹੋਰ ਤਕੜੀ ਧਿਰ ਵਜੋਂ ਉਭਰੇਗੀ। ਇਸ ਮੌਕੇ ਬਲਦੇਵ ਸਿੰਘ ਸੈਦਪੁਰ, ਰਸਪਾਲ ਸਿੰਘ ਬੁਟਾਰੀ,ਨਿਰਮਲ ਸਿੰਘ ਭਿੰਡਰ,ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਹਰਭਜਨ ਸਿੰਘ ਟਰਪਈ, ਕੁਲਵੰਤ ਸਿੰਘ ਮੱਲੂ ਨੰਗਲ, ਟਹਿਲ ਸਿੰਘ ਚੇਤਨਪੁਰਾ ਅਤੇ ਵਿਰਸਾ ਸਿੰਘ ਟਪਿਆਲਾ ਨੇ ਸੰਬੋਧਨ ਕੀਤਾ।