ਸਰਹੱਦੀ ਪਿੰਡ ਮੋਦੇ ’ਚ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਬੱਚਿਆਂ ਦੀ ਕੌਂਸਲਿੰਗ
ਅੰਮ੍ਰਿਤਸਰ, 3 ਮਈ
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਸਰਹੱਦੀ ਪਿੰਡ ਮੋਦੇ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕਰਨ ਵਾਸਤੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਿੱਚ ਲੋਕਾਂ ਲਈ ਬੁਨਿਆਦੀ ਸਹੂਲਤਾਂ ਦਿੱਤੀਆਂ ਹਨ ਅਤੇ ਨੌਜਵਾਨਾਂ ਲਈ ਖੇਡ ਮੈਦਾਨ ਤਿਆਰ ਕਰਵਾਏ ਹਨ, ਉੱਥੇ ਪਿੰਡ ਦੇ ਬੱਚਿਆਂ ਦੀ ਕੌਂਸਲਿੰਗ ਵੀ ਜ਼ਿਲ੍ਹਾਂ ਅਧਿਕਾਰੀਆਂ ਨੇ ਪਿੰਡ ਵਿੱਚ ਜਾ ਕੇ ਕੀਤੀ। ਇਨ੍ਹਾਂ ਵਿੱਚ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਤੀਰਥਪਾਲ ਸਿੰਘ ਅਤੇ ਰੈੱਡ ਕਰਾਸ ਦੇ ਸਕੱਤਰ ਸੈਮਸਨ ਮਸੀਹ ਕਈ ਪਿੰਡ ਜਾ ਕੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੋਂ ਇਲਾਵਾ ਦਸਵੀਂ, ਬਾਰਵੀਂ ਜਾਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਚੁੱਕੇ ਬੱਚਿਆਂ ਨੂੰ ਮਿਲੇ ਹਨ।
ਦੱਸਣਯੋਗ ਹੈ ਕਿ ਵਧੇਰੇ ਸਰਹੱਦੀ ਪਿੰਡ ਨਸ਼ਿਆ ਦੇ ਕਾਰੋਬਾਰ ਕਰਕੇ ਹੀ ਮਸ਼ਹੂਰ ਹਨ।
ਤੀਰਥ ਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਲੜਕੇ- ਲੜਕੀਆਂ ਦੀ ਸਿਹਤ ਅਤੇ ਕੱਦ ਕਾਠ ਤੋਂ ਬਹੁਤ ਪ੍ਰਭਾਵਿਤ ਹੋਏ ਪਰ ਇਸ ਗੱਲ ਨੂੰ ਲੈ ਕੇ ਮਾਯੂਸ ਵੀ ਹੋਏ ਕਿ ਬੱਚਿਆਂ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਲੈ ਕੇ ਜਾਣਕਾਰੀ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਵਿੱਚ ਭਰਤੀ ਨਿਕਲੀ ਸੀ ਪਰ ਇਹ ਬੱਚੇ ਜਾਣਕਾਰੀ ਦੀ ਅਣਹੋਂਦ ਕਾਰਨ ਅਪਲਾਈ ਹੀ ਨਹੀਂ ਕਰ ਸਕੇ ਜਦਕਿ ਇਨ੍ਹਾਂ ਕੋਲ ਬਹੁਤ ਵਧੀਆ ਮੌਕਾ ਸੀ। ਉਨ੍ਹਾਂ ਗਰੈਜੂਏਸ਼ਨ ਕਰ ਚੁੱਕੀਆਂ ਬੱਚੀਆਂ ਨੂੰ ਬੀਐੱਡ ਕਰਨ ਦੀ ਸਲਾਹ ਦਿੱਤੀ ਤਾਂ ਕਿ ਉਹ ਅਧਿਆਪਕ ਬਣਨ ਲਈ ਆਪਣੀ ਯੋਗਤਾ ਪੂਰੀ ਕਰ ਸਕਣ।
ਇਸੇ ਦੌਰਾਨ ਜਦ ਉਹ ਸਰਕਾਰੀ ਸਕੂਲ ਪੜ੍ਹਦੇ ਬੱਚਿਆਂ ਨੂੰ ਮਿਲੇ ਤਾਂ ਉਨ੍ਹਾਂ ਵਿੱਚੋਂ ਕੁਝ ਬੱਚਿਆਂ ਨੇ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਅਧਿਕਾਰੀਆਂ ਨਾਲ ਸਾਂਝਾ ਕੀਤਾ। ਉਹ ਬੱਚਿਆਂ ਨੂੰ ਡੀਸੀ ਦਫ਼ਤਰ ਅੰਮ੍ਰਿਤਸਰ ਲੈ ਕੇ ਆਏ, ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਕੰਮਾਂ, ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਡੀਸੀ ਦਫਤਰ ਵਿਖਾਇਆ, ਜਿੱਥੇ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ ’ਤੇ ਉਨ੍ਹਾਂ ਬੱਚਿਆਂ ਨੂੰ ਮਿਲੇ। ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਆਪਣੀ ਕੁਰਸੀ ਉੱਤੇ ਬਿਠਾ ਕੇ ਹੌਸਲਾ ਅਫ਼ਜ਼ਾਈ ਕਰਦਿਆਂ ਮਾਰਗਦਰਸ਼ਨ ਕੀਤਾ। ਡਿਪਟੀ ਕਮਿਸ਼ਨਰ ਨੇ ਤੀਰਥਪਾਲ ਸਿੰਘ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਬੱਚਿਆਂ ਨੂੰ ਆਈ ਐਕਸਪਾਇਰ ਪ੍ਰੋਗਰਾਮ ਵਿੱਚ ਰਜਿਸਟਰਡ ਕਰਨ ਅਤੇ ਨਿਰੰਤਰ ਇਨ੍ਹਾਂ ਬੱਚਿਆਂ ਦੀ ਅਗਵਾਈ ਯੂਪੀਐੱਸਸੀ ਪ੍ਰੀਖਿਆ ਲਈ ਕਰਦੇ ਰਹਿਣ ਤਾਂ ਜੋ ਇਹਨਾਂ ਬੱਚਿਆਂ ਨੂੰ ਪ੍ਰੀਖਿਆ ਲਈ ਤਿਆਰ ਕੀਤਾ ਜਾ ਸਕੇ।