ਕਣਕ ਦਾ ਝਾੜ ਪ੍ਰਤੀ ਹੈਕਟੇਅਰ ਪੰਜ ਫੀਸਦੀ ਵਧਿਆ
ਅੰਮ੍ਰਿਤਸਰ, 3 ਮਈ
ਇਸ ਵਾਰ ਜ਼ਿਲ੍ਹੇ ਵਿੱਚ ਕਣਕ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਤੇਜ਼ੀ ਨਾਲ ਹੋਈ ਹੈ, ਜਿਸ ਕਾਰਨ ਖਰੀਦ ਵੀ ਪਿਛਲੇ ਸਾਲ ਨਾਲੋਂ ਵੱਧ ਹੋ ਰਹੀ ਹੈ। ਇਸ ਸਾਲ ਕਣਕ ਦਾ ਝਾੜ ਵੀ ਪ੍ਰਤੀ ਏਕੜ ਕਰੀਬ ਪੰਜ ਫੀਸਦ ਵਧਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੁਣ ਤੱਕ ਖਰੀਦ ਕੀਤੀ ਅਤੇ ਮੰਡੀਆਂ ਵਿੱਚੋਂ ਚੁੱਕੀ ਗਈ ਕਣਕ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 632260 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜੋ ਕਿ ਪਿਛਲੇ ਸਾਲ ਖਰੀਦ ਕੀਤੀ ਗਈ ਕੁੱਲ ਆਮਦ ਦਾ 84 ਫੀਸਦੀ ਹੈ। ਪਿਛਲੇ ਸਾਲ ਅੱਜ ਦੇ ਦਿਨ ਤੱਕ 523535 ਮੀਟਰਿਕ ਟਨ ਕਣਕ ਮੰਡੀਆਂ ਵਿੱਚ ਆਈ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਤੱਕ ਮੰਡੀਆਂ ਵਿੱਚੋਂ 626846 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 587344 ਮੀਟਰਿਕ ਟਨ ਕਣਕ ਸਰਕਾਰੀ ਏਜੰਸੀਆਂ ਨੇ ਅਤੇ 39502 ਮੀਟਰਿਕ ਟਨ ਵਪਾਰੀਆਂ ਨੇ ਖਰੀਦੀ ਹੈ । ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰੀਦ ਦੇ 48 ਘੰਟਿਆਂ ਅੰਦਰ ਅਦਾਇਗੀ ਕਰਨ ਦਾ ਟੀਚਾ ਰੱਖਿਆ ਸੀ, ਜਿਸ ਅਨੁਸਾਰ 93 ਫੀਸਦੀ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਅਮਨਜੀਤ ਸਿੰਘ ਸੰਧੂ, ਜਿਲਾ ਮੰਡੀ ਅਫਸਰ ਅਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।