ਨਹਿਰ ’ਚੋਂ ਫ਼ੌਜੀ ਦੀ ਲਾਸ਼ ਮਿਲੀ
ਐੱਨਪੀ ਧਵਨ
ਪਠਾਨਕੋਟ, 9 ਅਪਰੈਲ
ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਸਥਿਤ ਕੋਟਲੀ ਨਹਿਰ ਵਿੱਚ ਡੁੱਬੇ 24 ਸਿੱਖ ਰੈਜ਼ਮੈਂਟ ਜਵਾਨ ਦੀ ਪੰਜ ਦਿਨ ਬਾਅਦ ਲਾਸ਼ ਮਿਲੀ। ਮ੍ਰਿਤਕ ਸੈਨਿਕ ਦੀ ਪਹਿਚਾਣ ਹਰਪਿੰਦਰ ਸਿੰਘ (35) ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਜਗਤਪੁਰ ਜੱਟਾਂ ਵਜੋਂ ਹੋਈ ਹੈ।
ਹਰਪਿੰਦਰ ਦੇ ਚਚੇਰੇ ਭਰਾ ਕੁਲਜੀਤ ਸਿੰਘ ਨੇ ਦੱਸਿਆ ਕਿ 3 ਅਪਰੈਲ ਨੂੰ ਉਹ ਅਤੇ ਹਰਪਿੰਦਰ ਸਿੰਘ ਨਿੱਜੀ ਕੰਮ ਲਈ ਆਪਣੇ-ਆਪਣੇ ਮੋਟਰਸਾਈਕਲ ਤੇ ਪਠਾਨਕੋਟ ਆਏ ਸਨ। ਸਰਨਾ ਤੋਂ ਉਹ ਦੋਵੇਂ ਆਪੋ-ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਜਾਣ ਲੱਗੇ, ਜਦ ਹਰਪਿੰਦਰ ਸਿੰਘ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਸਥਿਤ ਕੋਟਲੀ ਨਹਿਰ ’ਤੇ ਪੁੱਜਾ ਤਾਂ ਇੱਕ ਚਿੱਟੇ ਰੰਗ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਹਰਪਿੰਦਰ ਸਿੰਘ ਨਹਿਰ ਵਿੱਚ ਡਿੱਗ ਗਿਆ। ਕਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਉਸ ਨੇ ਆਪਣੇ ਪੱਧਰ ’ਤੇ ਹਰਪਿੰਦਰ ਸਿੰਘ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਧਰੇ ਨਹੀਂ ਮਿਲਿਆ। ਅੱਜ ਸ਼ਾਮ ਨੂੰ ਉਸ ਨੂੰ ਫੋਨ ਆਇਆ ਕਿ ਫਰੀਦਾਨਗਰ ਨਹਿਰ ਵਿੱਚ ਉਸ ਦੇ ਭਰਾ ਹਰਪਿੰਦਰ ਸਿੰਘ ਦੀ ਲਾਸ਼ ਤੈਰਦੀ ਹੋਈ ਮਿਲੀ ਹੈ। ਇਸ ਮਗਰੋਂ ਉਹ ਤੁਰੰਤ ਪੁਲੀਸ ਨਾਲ ਮੌਕੇ ’ਤੇ ਪੁੱਜਾ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਸ ਨੇ ਦੱਸਿਆ ਕਿ ਹਰਪਿੰਦਰ ਸਿੰਘ ਦੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਵੀ ਹਨ।
ਥਾਣਾ ਸਦਰ ਦੀ ਪੁਲੀਸ ਨੇ ਕੁਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਡਰਾਈਵਰ ਖ਼ਿਲਾਫ਼ ਧਾਰਾ 106 (1), 281, 324 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 4 ਅਪਰੈਲ ਨੂੰ ਸੈਨਿਕ ਹਰਪਿੰਦਰ ਸਿੰਘ ਦੀ ਛੁੱਟੀ ਖਤਮ ਹੋਣੀ ਸੀ ਅਤੇ ਉਸ ਦੇ ਬਾਅਦ ਉਸ ਨੇ ਡਿਊਟੀ ’ਤੇ ਵਾਪਸ ਜਾਣਾ ਸੀ।