ਤਿੰਨ ਦੁਕਾਨਾਂ ਵਿੱਚ ਲੱਗੀ ਅੱਗ; ਲੱਖਾਂ ਦਾ ਸਾਮਾਨ ਸੜਿਆ
ਪੱਤਰ ਪੇਰਕ
ਚੇਤਨਪੁਰਾ, 1 ਮਈ
ਪਿੰਡ ਕੜਿਆਲ ਵਿਖੇ ਬੀਤੀ ਰਾਤ ਤਿੰਨ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਸਬੰਧੀ ਦੁਕਾਨਾਂ ਦੇ ਮਾਲਕ ਸੁਰਜੀਤ ਸਿੰਘ ਵਾਸੀ ਪਿੰਡ ਕੜਿਆਲ ਨੇੜੇ ਓਠੀਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ ਨੇੜੇ ਉਨ੍ਹਾਂ ਦੀਆਂ ਤਿੰਨ ਦੁਕਾਨਾਂ ਹਨ ਜਿਨ੍ਹਾਂ ’ਚ ਦੁੱਧ ਦੀ ਡੇਅਰੀ, ਕਰਿਆਨਾ ਸਟੋਰ ਅਤੇ ਫੀਡ ਸਟੋਰ ਸੀ ਅਤੇ ਉੱਪਰ ਰਿਹਾਇਸ਼ ਬਣੀ ਹੋਈ ਸੀ। ਦੁਕਾਨ ਅੰਦਰ ਫਰਿਜ਼ ਪਈ ਸੀ ਜੋ ਥੋੜ੍ਹਾ ਖਰਾਬ ਸੀ ਤੇ ਇਸ ਬਾਬਤ ਉਨ੍ਹਾਂ ਕੰਪਨੀ ਨੂੰ ਠੀਕ ਕਰਨ ਲਈ ਸ਼ਿਕਾਇਤ ਵੀ ਦਰਜ ਕਰਵਾਈ ਸੀ। ਬੀਤੀ ਰਾਤ 12 ਕੁ ਵਜੇ ਦੇ ਕਰੀਬ ਉਸ ਫਰਿਜ ਵਿੱਚ ਧਮਾਕਾ ਹੋਣ ਕਾਰਨ ਅੱਗ ਲੱਗ ਗਈ ਅਤੇ ਤਿੰਨਾਂ ਦੁਕਾਨਾਂ ਅੰਦਰ ਪਿਆ ਸਾਮਾਨ ਤੇ ਘਰ ਦਾ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦਾ ਤਕਰੀਬਨ ਇੱਕ ਕਰੋੜ ਦੇ ਕਰੀਬ ਨੁਕਸਾਨ ਹੋਇਆ ਹੈ ਜਦ ਕਿ ਫਾਇਰ ਬ੍ਰਿਗੇਡ ਦੀ ਮਦਦ ਨਾਲ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਅੱਗ ਲੱਗਣ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।