ਕਟਾਰੂਚੱਕ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਪਠਾਨਕੋਟ, 2 ਮਈ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਹਲਕਾ ਭੋਆ ਦੇ ਬਲਾਕ ਪ੍ਰਧਾਨਾਂ ਨਾਲ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਰੀਵਿਊ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮਗਰੋਂ ਦੂਸਰੀ ਮੀਟਿੰਗ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਅਖੀਰਲੇ ਪਿੰਡਾਂ ਤੱਕ ਪਹੁੰਚਾਉਣ ਨਿਰਦੇਸ਼ ਦਿੱਤੇ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਜੰਗ ਬਹਾਦੁਰ, ਭੁਪਿੰਦਰ ਸਿੰਘ ਮੁੰਨਾ, ਸੰਦੀਪ ਕੁਮਾਰ, ਸੁਸ਼ੀਲ ਕੁਮਾਰ, ਰਜਿੰਦਰ ਸਿੰਘ ਭਿੱਲਾ, ਸੂਬੇਦਾਰ ਕੁਲਵੰਤ ਸਿੰਘ, ਸੋਹਣ ਲਾਲ, ਸ਼ੈਲੀ ਸ਼ਰਮਾ, ਐਸਡੀਓ ਮੋਹਿਤ, ਜੇਈ ਕੌਸ਼ਲ ਆਦਿ ਹਾਜ਼ਰ ਸਨ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬਲਾਕ ਪ੍ਰਧਾਨਾਂ ਕੋਲੋਂ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਫੀਡਬੈਕ ਲਈ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਮੰਤਰੀ ਨੇ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਸਮੇਂ ਸਿਰ ਕਿਸਾਨਾਂ ਨੂੰ ਦੇਣ ਲਈ ਸਰਮੋ ਲਾਹੜੀ, ਸ਼ਾਦੀਪੁਰ-ਖਿਆਲਾ, ਐਮਾ ਗੁੱਜਰਾਂ ਦੇ 12 ਹਜ਼ਾਰ 600 ਫੁੱਟ ਲੰਬਾਈ ਵਾਲੇ ਖਾਲਿਆਂ ਨੂੰ ਜਲਦੀ ਪੱਕਾ ਕਰਨ ਲਈ ਹਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਇਸ ਕੰਮ ਵਿੱਚ ਕੋਈ ਕੁਤਾਹੀ ਵਰਤੀ ਗਈ ਤਾਂ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਾਢੇ 3 ਕਿਲੋਮੀਟਰ ਲੰਬਾਈ ਵਾਲੇ ਗੁਲਪੁਰ ਰਜਬਾਹੇ ਨੂੰ ਵੀ ਜਲਦੀ ਪੱਕਾ ਕਰਨ ਦਾ ਸਪੱਸ਼ਟ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਇਸ ਕੰਮ ਲਈ 1 ਕਰੋੜ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਝੋਨੇ ਦੀ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ।