ਬਸਪਾ ਨੇ ਬੀਡੀਪੀਓ ਦਫ਼ਤਰ ਘੇਰਿਆ
ਫਿਲੌਰ, 9 ਅਪਰੈਲ
ਗੁਰਾਇਆ ਨੇੜਲੇ ਪਿੰਡ ਧਲੇਤਾ ਦੀ ਇੱਕ ਸ਼ਾਮਲਾਟ ’ਤੇ ਕੁਝ ਗਰੀਬ ਪਰਿਵਾਰਾਂ ਵੱਲੋਂ ਪਾਥੀਆਂ ਪੱਥਣ ਅਤੇ ਪਸ਼ੂ ਬੰਨਣ ਲਈ ਬਣਾਏ ਛੱਪਰਾਂ ’ਤੇ ਪੀਲਾ ਪੰਜਾ ਚਲਾਉਣ ਦੇ ਵਿਰੋਧ ’ਚ ਅੱਜ ਬਸਪਾ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਗਟਾਇਆ ਗਿਆ।
ਬਸਪਾ ਆਗੂਆਂ ਨੇ ਦੱਸਿਆ ਕਿ ਸਰਪੰਚ ਅਤੇ ਪੰਚਾਇਤ ਸੈਕਟਰੀ ਨੇ ਮਿਲ ਕੇ ਸਰਕਾਰੀ ਅਮਲਾ ਲੈ ਕੇ ਪੀਲੇ ਪੰਜੇ ਨਾਲ ਛੱਪਰ ਢਾਹ ਦਿੱਤੇ। ਧਰਨਾਕਾਰੀਆਂ ਨੇ ਪ੍ਰਸ਼ਾਸਨ ਮੁਰਦਾਬਾਦ ਅਤੇ ਬੀਡੀਪੀਓ ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਬਸਪਾ ਦੇ ਆਗੂ ਸੁਖਵਿੰਦਰ ਬਿੱਟੂ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਐੱਸਸੀ ਭਾਈਚਾਰੇ ਦੇ ਲੋਕ ਇਸ ਜਗ੍ਹਾ ਨੂੰ ਸਾਂਝੇ ਤੌਰ ’ਤੇ ਵਰਤ ਰਹੇ ਸਨ ਤੇ ਪਿੰਡ ਦੇ ਸਰਪੰਚ ਵੱਲੋਂ ਬਿਨਾਂ ਕਿਸੇ ਸਰਕਾਰੀ ਹੁਕਮਾਂ ਤੋਂ ਇਸ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈਆਂ ਹਮੇਸ਼ਾ ਗਰੀਬ ਲੋਕਾਂ ’ਤੇ ਹੀ ਹੁੰਦੀਆਂ ਹਨ ਪਰ ਜੋ ਵੱਡੇ ਘਰਾਂ ਦੇ ਲੋਕਾਂ ਨੇ ਪਿੰਡ ਦੀਆਂ ਸ਼ਾਮਲਾਤ ਜ਼ਮੀਨਾਂ ਦੱਬੀਆਂ ਹੋਈਆਂ ਹਨ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।
ਬੀਡੀਪੀਓ ਰਜਿੰਦਰ ਕੌਰ ਨੇ ਕਿਹਾ ਕਿ ਉਹ ਮੌਕਾ ਦੇਖਣ ਗਏ ਸਨ ਪਰ ਉਨ੍ਹਾਂ ਜਗ੍ਹਾ ਖਾਲੀ ਕਰਨ ਲਈ ਨਹੀਂ ਕਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।