ਭਾਰਤੀ ਕਿਸਾਨ ਯੂਨੀਅਨ ਨੇ ਮੋਦੀ ਤੇ ਟਰੰਪ ਦੇ ਪੁਤਲੇ ਫੂਕੇ
ਪੱਤਰ ਪ੍ਰੇਰਕ
ਯਮੁਨਾ ਨਗਰ, 4 ਅਪਰੈਲ
ਭਾਰਤੀ ਕਿਸਾਨ ਯੂਨੀਅਨ ਨੇ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਯਮੁਨਾਨਗਰ ਦੀ ਅਨਾਜ ਮੰਤਰੀ ਵਿੱਚ ਇੱਕਠੇ ਹੋਏ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਸਾੜੇ। ਇਸ ਦੌਰਾਨ ਸ੍ਰੀ ਚੜੂਨੀ ਨੇ ਕਿਹਾ ਕਿ ਟੈਰਿਫ ਵਿਧੀ ਘਟਾਉਣ ਨਾਲ ਭਾਰਤ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਕੰਮ ਕਰ ਰਹੇ ਹਨ, ਕਿਉਂਕਿ ਅਮਰੀਕਾ ਦੀ ਆਬਾਦੀ ਘੱਟ ਅਤੇ ਖੇਤਰਫਲ ਬਹੁਤ ਵੱਡਾ ਹੈ, ਜੇਕਰ ਉੱਥੋਂ ਸਾਮਾਨ ਭਾਰਤ ਆਉਂਦਾ ਹੈ ਤਾਂ ਉਹ ਘੱਟ ਕੀਮਤਾਂ ’ਤੇ ਉਪਲਬਧ ਹੋਵੇਗਾ, ਜਿਸ ਕਾਰਨ ਭਾਰਤੀ ਕਿਸਾਨ ਬਰਬਾਦ ਹੋ ਜਾਣਗੇ । ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਆਰਥਕ ਤੌਰ ’ਤੇ ਕਮਜ਼ੋਰ ਕਰਕੇ ਤਬਾਹ ਕਰਨ ਦਾ ਕੰਮ ਕਰ ਰਹੀ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬਿਜਲੀ ਅਤੇ ਟੌਲ ਟੈਕਸ ਦੀਆਂ ਦਰਾਂ ਵਿੱਚ ਵਾਧਾ ਸਰਾਸਰ ਗਲਤ ਹੈ। ਭਾਜਪਾ ਸਰਕਾਰ ਦੇ ਅਧੀਨ ਚਲ ਰਹੀਆਂ ਸਰਕਾਰੀ ਨੀਤੀਆਂ ਕਾਰਨ ਅਮੀਰ ਹੋਰ ਅਮੀਰ ਹੋ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਡੇ ਘਰਾਂ ਦੇ ਕਰਜ਼ੇ ਮੁਆਫ਼ ਕਰਦੇ ਹਨ ਅਤੇ ਛੋਟੇ ਕਿਸਾਨਾਂ ਦਾ ਇੱਕ ਪੈਸਾ ਵੀ ਮੁਆਫ਼ ਨਹੀਂ ਕੀਤਾ ਜਾ ਰਿਹਾ।