ਲੜਕੀਆਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 8 ਅਪਰੈਲ
ਗੀਤਾ ਵਿਦਿਆ ਮੰਦਰ ਵਿੱਚ ਐੱਸਪੀਓ ਅਮਿਤਾ ਸ਼ਰਮਾ, ਕਾਂਸਟੇਬਲ ਰੀਨਾ ਵੱਲੋਂ ਲੜਕੀਆਂ ਨੂੰ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਨਿਸ਼ਾ ਗੋਇਲ ਨੇ ਸਕੂਲ ਆਉਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਕਾਂਸਟੇਬਲ ਰੀਨਾ ਨੇ ਲੜਕੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਸਾਡੇ ਲਈ ਮਹਤੱਵਪੂਰਨ ਹੈ। ਰੀਨਾ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਕਿਸੇ ਵਿਅਕਤੀ ਤੋਂ ਜਾਂ ਕੋਈ ਹੋਰ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਅਧਿਆਪਕ ਨਾਲ ਗੱਲ ਕਰਨ। ਇਸੇ ਤਰ੍ਹਾਂ ਜੇ ਘਰ ਵਿੱਚ ਕੋਈ ਸਮੱਸਿਆ ਹੈ ਤਾਂ ਘਰ ਵਿਚ ਗੱਲ ਕਰ ਕੇ ਉਸ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਘਰ ਤੋਂ ਬਾਹਰ ਕਿਤੇ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ 112 ’ਤੇ ਸੂਚਨਾ ਦੇਣ। ਉਨ੍ਹਾਂ ਕਿਹਾ ਕਿ ਦੁਰਗਾ ਐਪ ਸ਼ਕਤੀ ਦੀ ਥਾਂ ਹੁਣ ਡਾਇਲ 112 ਐਪ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਲੋਕ ਚਾਈਲਡ ਹੈਲਪ ਲਾਈਨ ਨੰਬਰ-1098 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਮਹਿਲਾ ਪੁਲੀਸ ਦਾ ਹੈਲਪ ਲਾਈਨ ਨੰਬਰ-1091 ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਪ੍ਰਿੰਸੀਪਲ ਨਿਸ਼ਾ ਗੋਇਲ ਨੇ ਕਿਹਾ ਕਿ ਇਸ ਬੈਠਕ ’ਚ 6ਵੀਂ ਤੋਂ ਦਸਵੀਂ ਤਕ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਅਚਾਰੀਆ, ਰਾਜਵੰਤ ਕੌਰ ਮੌਜੂਦ ਸਨ।