ਭਾਜਪਾ ਆਪਣੇ ਰਾਜਸੀ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਹੱਦਬੰਦੀ ਦੀ ਦੁਰਵਰਤੋਂ ਕਰ ਰਹੀ ਹੈ: ਮਾਨ
ਆਤਿਸ਼ ਗੁਪਤਾ
ਚੰਡੀਗੜ੍ਹ, 15 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਸੰਸਦੀ ਹਲਕਿਆਂ ਦੀ ਹੱਦਬੰਦੀ ਪ੍ਰਕਿਰਿਆ ਨੂੰ ਲਾਗੂ ਕਰਨ ਦੇ ਢੰਗ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੱਦਬੰਦੀ ਨੂੰ ਵਰਤ ਕੇ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਗੱਲ ਉਨ੍ਹਾਂ ਚੰਡੀਗੜ੍ਹ ਵਿੱਚ ਆਪਣੀ ਰਿਹਾਇਸ਼ ਤੋਂ 72 ਅਧਿਆਪਕਾਂ ਦੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ‘ਆਪ’ ਅਤੇ ਇਸ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਾਂਝੇ ਯਤਨਾਂ ਸਦਕਾ ਸਿੱਖਿਆ, ਸਿਹਤ ਅਤੇ ਬਿਜਲੀ ਹੋਰਨਾਂ ਪਾਰਟੀਆਂ ਦੇ ਸਿਆਸੀ ਏਜੰਡਿਆਂ ਵਿੱਚ ਕੇਂਦਰੀ ਨੁਕਤੇ ਬਣੇ ਹਨ। ਇਸ ਤੋਂ ਪਹਿਲਾਂ ਕਿਸੇ ਵੀ ਰਾਜਨੀਤਕ ਪਾਰਟੀ ਨੇ ਆਮ ਆਦਮੀ ਲਈ ਚਿੰਤਾ ਨਹੀਂ ਕੀਤੀ ਸੀ। ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੇ ਹੁਣ ਤੱਕ 234 ਪ੍ਰਿੰਸੀਪਲਾਂ, ਸਿੱਖਿਆ ਅਧਿਕਾਰੀਆਂ ਨੂੰ ਪੰਜ ਦਿਨਾਂ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਲਈ ਸਿੰਗਾਪੁਰ ਅਤੇ 72 ਪ੍ਰਾਇਮਰੀ ਕਾਡਰ ਅਧਿਆਪਕਾਂ ਨੂੰ ਫਿਨਲੈਂਡ ਭੇਜਿਆ ਹੈ। ਇਸ ਤੋਂ ਇਲਾਵਾ 152 ਹੈੱਡਮਾਸਟਰ, ਸਿੱਖਿਆ ਅਧਿਕਾਰੀਆਂ ਦੇ ਤਿੰਨ ਬੈਚ ਆਈਆਈਐੱਮ ਅਹਿਮਦਾਬਾਦ ਵੀ ਭੇਜੇ ਗਏ ਹਨ।
ਉਨ੍ਹਾਂ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਪਣਾਇਆ ਗਿਆ ਗੈਰ-ਜਮਹੂਰੀ ਤਰੀਕਾ ਭਾਜਪਾ ਦੇ ਇਰਾਦੇ ਬਾਰੇ ਸ਼ੱਕ ਖੜ੍ਹੇ ਕਰਦਾ ਹੈ, ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਤੇ ਉਨ੍ਹਾਂ ਦੇ ਸਹਿਯੋਗੀ ਕਮਜ਼ੋਰ ਹਨ ਜਾਂ ਉਨ੍ਹਾਂ ਦੀਆਂ ਸੀਟਾਂ ਘੱਟ ਹਨ, ਉਨ੍ਹਾਂ ਸੂਬਿਆਂ ਵਿੱਚ ਸੀਟਾਂ ਦੀ ਗਿਣਤੀ ਵਧਾਈ ਜਾ ਰਹੀ ਹੈ।