ਭਾਈ ਰੂਪਾ ’ਚ 10 ਕਰੋੜੀ ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ
ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 26 ਮਾਰਚ
ਕਸਬਾ ਭਾਈਰੂਪਾ ਵਿੱਚ 10 ਕਰੋੜ ਦੀ ਲਾਗਤ ਨਾਲ ਲਾਏ ਜਾ ਰਹੇ ਵਾਟਰ ਟਰੀਟਮੈਂਟ ਪਲਾਂਟ ਦੀ ਰਸਮੀ ਸ਼ੁਰੂਆਤ ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਧਾ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਥੇਦਾਰ ਸਤਨਾਮ ਸਿੰਘ ਭਾਈ ਰੂਪਾ ਨੇ ਟੱਕ ਲਾ ਕੇ ਕੀਤੀ। ਪ੍ਰਧਾਨ ਲੱਖੀ ਜਵੰਧਾ ਨੇ ਦੱਸਿਆ ਕਿ ਸ਼ੁਰੂ ’ਚ ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਨੇੜਲੇ ਛੱਪੜ ਤੋਂ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣਗੀਆਂ ਜੋ ਕਿ ਦੂਜੇ ਛੱਪੜਾਂ ਨੂੰ ਆਪਣੇ ਨਾਲ ਜੋੜਦੇ ਹੋਏ ਹੋਏ ਟਰੀਟਮੈਂਟ ਪਲਾਂਟ ਤੱਕ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਲੱਗਣ ਨਾਲ ਭਾਈ ਰੂਪਾ ਦੇ ਓਵਰਫਲੋਅ ਹੋ ਰਹੇ ਛੱਪੜਾਂ ਦੀ ਗੰਭੀਰ ਸਮੱਸਿਆ ਹੱਲ ਹੋਵੇਗੀ। ਇਸ ਮੌਕੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਜੇਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਪਲਾਂਟ ਦੇ ਲੱਗਣ ਨਾਲ ਸਾਫ਼ ਹੋਏ ਪਾਣੀ ਨੂੰ ਫਸਲਾਂ ਲਈ ਵਰਤਿਆ ਜਾ ਸਕੇਗਾ ਤੇ ਜੇਕਰ ਕਿਸਾਨ ਪਾਣੀ ਦੀ ਵਰਤੋਂ ਨਹੀਂ ਕਰਨਗੇ ਤਾਂ ਇਹ ਸਾਫ਼ ਪਾਣੀ ਡਰੇਨ 'ਚ ਪਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ 'ਚ ਇਕ ਸਾਲ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਦੌਰਾਨ ਸੜਕ ਜਾਂ ਇੰਟਰਲਾਕ ਟਾਇਲਾਂ ਦੀ ਜੋ ਟੁੱਟ ਭੱਜ ਹੋਵੇਗੀ ਉਸ ਨੂੰ ਠੀਕ ਕਰਨਾ ਵੀ ਉਨ੍ਹਾਂ ਦੇ ਵਿਭਾਗ ਦੀ ਜ਼ਿੰਮੇਵਾਰੀ ਹੋਵੇਗੀ। ਇਸ ਮੌਕੇ ਧਰਮ ਸਿੰਘ ਖਾਲਸਾ, ਕੌਰ ਸਿੰਘ ਜਵੰਧਾ, ਕੌਂਸਲਰ ਮੱਲ ਮੁੱਟੇ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ ਬਗੀਚਾ, ਗੁਰਮੇਲ ਮੰਡੇਰ, ਗੁਰਮੇਲ ਵਿਰਦੀ, ਮਨਪ੍ਰੀਤ ਸ਼ਰਮਾ, ਗੁਰਸੇਵਕ ਸੰਧੂ ਤੇ ਦਰਸ਼ਨ ਸਿੱਧੂ ਹਾਜ਼ਰ ਸਨ।