ਭਾਈ ਬਲਵੰਤ ਸਿੰਘ ਖੁਰਦਪੁਰ ਦਾ ਸ਼ਹੀਦੀ ਦਿਹਾੜਾ ਮਨਾਇਆ
ਸਰੀ (ਮਾਨ): ਬੀਤੇ ਦਿਨ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵਿਖੇ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਸਿੱਖ ਚਿੰਤਕ ਅਤੇ ਮੀਡੀਆ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਨੇ ਵਿਚਾਰ ਸਾਂਝੇ ਕੀਤੇ। ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਨਸਲਵਾਦ ਅਤੇ ਬਸਤੀਵਾਦ ਦੇ ਖਾਤਮੇ ਅਤੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਵਿਸ਼ੇਸ਼ ਸਥਾਨ ਹੈ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਸ਼ਹੀਦ ਭਾਈ ਬਲਵੰਤ ਸਿੰਘ ਨੂੰ ਗ਼ਦਰ ਲਹਿਰ ਦੇ ਯੋਧਿਆਂ ਦੇ ‘ਤਾਰਾ ਮੰਡਲ ਦਾ ਚੰਦ’ ਕਹਿ ਕੇ ਸਤਿਕਾਰਿਆ ਗਿਆ ਹੈ। ਭਾਈ ਬਲਵੰਤ ਸਿੰਘ ਨੇ ਜਿੱਥੇ ਕੈਨੇਡਾ ਵਿੱਚ ਨਸਲਵਾਦ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ, ਉੱਥੇ ਭਾਰਤ ਜਾ ਕੇ ਬਸਤੀਵਾਦ ਨੂੰ ਜੜੋਂ ਪੁੱਟਣ ਲਈ ਸ਼ਹੀਦੀ ਪਾਉਂਦਿਆਂ ਸੁਨਹਿਰੀ ਇਤਿਹਾਸ ਰਚਿਆ। ਅੰਗਰੇਜ਼ਾਂ ਦੇ ਗੁਲਾਮ ਭਾਰਤ ਦੇ ਮੁਖੀ ਵਾਇਸਰਾਏ ਲਾਰਡ ਹਾਰਡਿੰਗ ਅੱਗੇ ਛਾਤੀ ਤਾਣ ਕੇ ਗੱਲਬਾਤ ਕਰਨ ਵਾਲਾ ਸ਼ਖ਼ਸ ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦਾ ਪਹਿਲਾ ਗ੍ਰੰਥੀ ਸਿੰਘ ਸੀ। ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੀ ਸਾਰੀ ਜ਼ਿੰਦਗੀ ਸੰਘਰਸ਼ ਭਰਪੂਰ ਰਹੀ। ਉਨ੍ਹਾਂ 1908 ਵਿੱਚ ਕੈਨੇਡਾ ਦੀ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਨੂੰ ਇੱਥੋਂ ਕੱਢ ਕੇ ਹਾਂਡੂਰਸ ਭੇਜਣ ਦੀ ਸਾਜ਼ਿਸ਼ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਨਾਕਾਮ ਕੀਤਾ।
ਸੰਪਰਕ: 1 604 308 6663