ਬੱਚੇ ਦੇ ਵਿਕਾਸ ਵਿੱਚ ਉਤਸ਼ਾਹ ਦਾ ਮਹੱਤਵ
ਬੱਚੇ ਦੇ ਸਰਬਪੱਖੀ ਵਿਕਾਸ ਵਿੱਚ ਬਹੁਤ ਪੱਖ ਅਹਿਮ ਹੁੰਦੇ ਹਨ। ਇਸ ਲਈ ਜਿੱਥੇ ਬੱਚੇ ਦੀਆਂ ਕੁਦਰਤੀ ਰੁਚੀਆਂ, ਪਰਿਵਾਰਕ ਅਤੇ ਆਲੇ ਦੁਆਲੇ ਦਾ ਮਾਹੌਲ, ਉਸ ਦੇ ਵਿਦਿਅਕ ਅਦਾਰੇ ਦਾ ਮਾਹੌਲ, ਉਸ ਦੇ ਨਜ਼ਦੀਕੀ ਮਿੱਤਰਾਂ ਦੀ ਸੰਗਤ ਆਦਿ ਪੱਖ ਆਪਣਾ-ਆਪਣਾ ਯੋਗਦਾਨ ਪਾਉਂਦੇ ਹਨ, ਉੱਥੇ ਬੱਚੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ, ਉਸ ਦੇ ਅੰਦਰ ਲੁਕੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਹੱਲਾਸ਼ੇਰੀ ਦੇਣੀ ਅਤੇ ਅਜਿਹਾ ਮਾਹੌਲ ਪ੍ਰਦਾਨ ਕਰਨਾ ਜਿਸ ਵਿੱਚ ਉਸ ਨੂੰ ਨਿਰੋਲ ਹਾਂ-ਪੱਖੀ ਹੁੰਗਾਰਾ ਹੀ ਮਿਲੇ, ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਅਜਿਹੇ ਉਸਾਰੂ ਹਾਲਾਤ ਵਿੱਚ ਪ੍ਰਵਾਨ ਚੜ੍ਹੇ ਬੱਚੇ ਨਵੀਆਂ ਮੰਜ਼ਿਲਾਂ ਸਰ ਕਰਨ ਵਿੱਚ ਹੀ ਸਫਲ ਨਹੀਂ ਹੁੰਦੇ ਬਲਕਿ ਉਸਾਰੂ ਸਮਾਜ ਦੀ ਸਿਰਜਣਾ ਵੀ ਕਰਦੇ ਹਨ।
ਇਸ ਪੱਖੋਂ ਕੈਨੇਡਾ ਵਿੱਚ ਮੁੱਢਲੀ ਸਿੱਖਿਆ ਸਮੇਂ ਬੱਚਿਆਂ ਨੂੰ ਇੱਕ ਅਜਿਹੇ ਸਾਂਚੇ ਵਿੱਚ ਢਾਲਣ ਦਾ ਯਤਨ ਕੀਤਾ ਜਾਂਦਾ ਹੈ ਜਿੱਥੇ ਆਲੋਚਨਾ ਦੀ ਥਾਂ ਉਨ੍ਹਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ, ਬੱਚਿਆਂ ਦੀ ਛੋਟੀ ਤੋਂ ਛੋਟੀ ਪ੍ਰਾਪਤੀ ਲਈ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾਂਦੀ ਹੈ ਅਤੇ ਅਧਿਆਪਕ ਅਤੇ ਸਕੂਲ ਦੇ ਉੱਚ ਅਧਿਕਾਰੀਆਂ ਦੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਪ੍ਰਤੀ ਕੋਈ ਨਾਂਹ-ਪੱਖੀ ਟਿੱਪਣੀ ਨਾ ਕੀਤੀ ਜਾਵੇ, ਜਿਸ ਨਾਲ ਬੱਚਿਆਂ ਦੀ ਮਾਨਸਿਕਤਾ ਵਿੱਚ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਪੈਦਾ ਹੋਵੇ। ਜ਼ਿਆਦਾ ਸ਼ਰਾਰਤੀ ਬੱਚਿਆਂ ਨੂੰ ਉਸਾਰੂ ਢੰਗ ਨਾਲ ਸਹੀ ਰਸਤੇ ’ਤੇ ਲਿਆਉਣ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਆਪਕ ਹੁੰਦੇ ਹਨ ਜੋ ਅਜਿਹੇ ਬੱਚਿਆਂ ਦੀ ਮਾਨਸਿਕਤਾ ਨੂੰ ਬਦਲਣ ਲਈ ਮਨੋਵਿਗਿਆਨਕ ਢੰਗਾਂ ਦੀ ਵਰਤੋਂ ਕਰਦੇ ਹਨ। ਬੱਚਿਆਂ ਦੀਆਂ ਉਸਾਰੂ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਦੇਣ ਦੇ ਯਤਨ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਵਿੱਚ ਹਾਂ-ਪੱਖੀ ਵਰਤਾਰੇ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ।
ਇਸ ਪੱਖ ਦੀ ਇੱਕ ਉਦਾਹਰਨ ਦਾ ਵਰਣਨ ਕਰਨਾ ਚਾਹੁੰਦਾ ਹਾਂ ਜੋ ਉਪਰੋਕਤ ਵਿਚਾਰਧਾਰਾ ਦੀ ਸੱਚਾਈ ਪ੍ਰਗਟ ਕਰਦੀ ਹੈ। ਕੈਨੇਡਾ ਦੇ ਵੱਡੇ ਸ਼ਹਿਰ ਕੈਲਗਰੀ ਦੇ ਕੋਲ ਹੀ ਇੱਕ ਸ਼ਹਿਰ ਹੈ ਚੈਸਟਰਮੇਅਰ। ਨਵੇਂ ਸਾਲ ਦੇ ਕਾਰਡ ਬਣਾਉਣ ਵਾਲੇ ਇੱਕ ਅਦਾਰੇ ਵੱਲੋਂ ਚੈਸਟਰਮੇਅਰ ਦੇ ਐਲੀਮੈਂਟਰੀ (ਕਿੰਡਰ ਗਾਰਟਨ ਤੋਂ ਸੱਤਵੀਂ ਜਮਾਤ ਤੱਕ) ਸਕੂਲਾਂ ਵਿੱਚ ਆਪਣੇ ਕਰਮਚਾਰੀ ਭੇਜੇ ਗਏ। ਉਨ੍ਹਾਂ ਨੇ ਵੱਖ-ਵੱਖ ਕਲਾਸਾਂ ਵਿੱਚ ਜਾ ਕੇ ਬੱਚਿਆਂ ਨੂੰ ਡਰਾਇੰਗ ਸ਼ੀਟਾਂ ਦਿੱਤੀਆਂ ਅਤੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਉਨ੍ਹਾਂ ਸ਼ੀਟਾਂ ’ਤੇ ਕੁਝ ਵੀ ਬਣਾਉਣ ਅਤੇ ਰੰਗ ਭਰਨ। ਇਸ ਕੰਮ ਵਿੱਚ ਬਾਹਰੀ ਤੌਰ ’ਤੇ ਬੱਚਿਆਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ, ਭਾਵ ਬੱਚਿਆਂ ਦੇ ਅਧਿਆਪਕਾਂ ਵੱਲੋਂ ਕਿਸੇ ਕਿਸਮ ਦੀ ਸਹਾਇਤਾ ਜਾਂ ਸਲਾਹ ਨਹੀਂ ਦਿੱਤੀ ਗਈ। ਸਾਰੇ ਬੱਚਿਆਂ ਨੇ ਆਪਣੀ ਸੋਚ ਮੁਤਾਬਿਕ ਕੁੱਝ ਨਾ ਕੁੱਝ ਬਣਾਇਆ, ਰੰਗ ਭਰੇ ਅਤੇ ਆਪਣਾ ਨਾਂ ਲਿਖ ਦਿੱਤਾ। ਬੱਚਿਆਂ ਵੱਲੋਂ ਬਣਾਏ ਗਏ ਇਹ ਕਾਰਡ ਉਸ ਅਦਾਰੇ ਦੇ ਕਰਮਚਾਰੀ ਆਪਣੇ ਨਾਲ ਲੈ ਗਏ।
ਕੁੱਝ ਦਿਨਾਂ ਬਾਅਦ ਹਰ ਬੱਚੇ ਨੂੰ ਉਸ ਦੀ ਬਣਾਈ ਡਰਾਇੰਗ ਦੇ ਵੀਹ-ਵੀਹ ਕਾਰਡ ਦਿੱਤੇ ਗਏ। ਇਹ ਕਾਰਡ ਛਾਪਣ ਵੇਲੇ ਬੱਚਿਆਂ ਵੱਲੋਂ ਬਣਾਏ ਕਾਰਡਾਂ ਨੂੰ ਕਿਸੇ ਕਿਸਮ ਨਾਲ ਸੋਧਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਦੋਂ ਬੱਚਿਆਂ ਨੇ ਆਪਣੇ ਵੱਲੋਂ ਬਣਾਈ ਡਰਾਇੰਗ ਨੂੰ ਕਾਰਡ ਦੇ ਰੂਪ ਵਿੱਚ ਦੇਖਿਆ, ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਦੇਖਣ ਵਾਲੇ ਸਨ। ਉਹ ਮਹਿਸੂਸ ਕਰ ਰਹੇ ਸਨ ਜਿਵੇਂ ਉਹ ਹਵਾ ਵਿਚ ਉੱਡ ਰਹੇ ਹੋਣ। ਇੱਥੇ ਮੈਂ ਪਹਿਲੀ ਕਲਾਸ, ਉਮਰ ਸੱਤ ਸਾਲ ਅਤੇ ਤੀਜੀ ਕਲਾਸ, ਉਮਰ ਨੌਂ ਸਾਲ ਦੇ ਬੱਚਿਆਂ ਵੱਲੋਂ ਬਣਾਏ ਕਾਰਡਾਂ ਦੀਆਂ ਤਸਵੀਰਾਂ ਦੇ ਰਿਹਾ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਇਹ ਚਿੱਤਰ ਕਲਾ ਦੇ ਵਧੀਆ ਨਮੂਨੇ ਹਨ, ਪਰ ਬੱਚਿਆਂ ਦੀ ਉਮਰ ਨੂੰ ਦੇਖਦੇ ਹੋਏ ਅਤੇ ਉਨ੍ਹਾਂ ਦੇ ਮਾਨਸਿਕ ਪੱਧਰ ਨੂੰ ਦੇਖਦੇ ਹੋਏ, ਉਨ੍ਹਾਂ ਦੀ ਅਤੇ ਹੋਰ ਬੱਚਿਆਂ ਦੀ ਪ੍ਰਸੰਸਾ ਕਰਨੀ ਤਾਂ ਬਣਦੀ ਹੀ ਹੈ।
ਜਦੋਂ ਇਨ੍ਹਾਂ ਬੱਚਿਆਂ ਨੇ ਇਹ ਕਾਰਡ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਭੇਜੇ ਹੋਣਗੇ ਤਾਂ ਉਨ੍ਹਾਂ ਵੱਲੋਂ ਮਿਲੀ ਸ਼ਾਬਾਸ਼ ਨਿਸ਼ਚੇ ਹੀ ਬੱਚਿਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੋਵੇਗੀ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਅੱਗੇ ਆਉਣ ਦੀ ਪ੍ਰੇਰਣਾ ਤਾਂ ਮਿਲੇਗੀ ਹੀ, ਇਸ ਦੇ ਨਾਲ ਹੀ ਭਵਿੱਖ ਵਿੱਚ ਵੀ ਬੱਚਿਆਂ ਦੀ ਕਲਪਨਾ ਹੋਰ ਉੱਚੀਆਂ ਉਡਾਰੀਆਂ ਲਾਵੇਗੀ।
ਆਪਣੀ ਜਮਾਤ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਜਿਸ ਕਰਕੇ ਉਨ੍ਹਾਂ ਦੀ ਪ੍ਰਸੰਸਾ ਹੋਵੇ, ਬੱਚਿਆਂ ਦੇ ਦਿਲ ਵਿੱਚ ਇੱਕ ਨਵੀਂ ਨਰੋਈ ਭਾਵਨਾ ਹੀ ਪੈਦਾ ਨਹੀਂ ਕਰਦੀ ਸਗੋਂ ਜ਼ਿੰਦਗੀ ਪ੍ਰਤੀ ਉਨ੍ਹਾਂ ਦੀ ਸੋਚ ਨੂੰ ਹਾਂ-ਪੱਖੀ ਹੁਲਾਰਾ ਦਿੰਦੀ ਹੈ। ਅਜਿਹੇ ਮਾਹੌਲ ਵਿੱਚ ਪ੍ਰਵਾਨ ਚੜ੍ਹੇ ਬੱਚੇ ਹਮੇਸ਼ਾਂ ਹੱਸਦੇ-ਹੱਸਦੇ ਨਵੀਆਂ ਚੁਣੌਤੀਆਂ ਨਾਲ ਦੋ-ਚਾਰ ਹੋਣ ਤੋਂ ਘਬਰਾਉਂਦੇ ਨਹੀਂ, ਉਨ੍ਹਾਂ ਦੇ ਅਚੇਤ ਮਨ ਵਿੱਚ ਵਿਚਰ ਰਹੇ ਹੌਸਲੇ ਕਰਕੇ ਡਰ ਉਨ੍ਹਾਂ ਦੇ ਨੇੜੇ ਨਹੀਂ ਢੁੱਕਦਾ। ਉਹ ਜ਼ਿੰਦਗੀ ਵਿੱਚ ਆਈਆਂ ਅਸਫਲਤਾਵਾਂ ਤੋਂ ਵੀ ਕੁੱਝ ਸਿੱਖਦੇ ਹਨ ਅਤੇ ਨਵੇਂ ਦਿਸਹੱਦਿਆਂ ਵੱਲ ਵਧਣ ਦੀ ਯੋਗਤਾ ਵੀ ਰੱਖਦੇ ਹਨ। ਜਦੋਂ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਵੇ ਕਿ ਉਨ੍ਹਾਂ ਵੱਲੋਂ ਕੀਤਾ ਕੰਮ ਵਿਸ਼ੇਸ਼ ਮਹੱਤਵ ਵਾਲਾ ਹੈ ਤਾਂ ਉਨ੍ਹਾਂ ਦੇ ਦਿਲ ਵਿੱਚ ਇਹ ਭਾਵਨਾ ਘਰ ਕਰ ਜਾਂਦੀ ਹੈ ਕਿ ਉਹ ਵੀ ਇਸ ਦੁਨੀਆ ਵਿੱਚ ਕੁੱਝ ਨਿਵੇਕਲਾ ਕਰ ਸਕਦੇ ਹਨ। ਇਨਸਾਨ ਵਿੱਚ ਪੈਦਾ ਹੋਈ ਅਜਿਹੀ ਉਸਾਰੂ ਸੋਚ ਨੇ ਹੀ ਪੱਥਰ ਕਾਲ ਦੇ ਯੁੱਗ ਨੂੰ ਵਰਤਮਾਨ ਸਮੇਂ ਦੇ ਵਿਗਿਆਨਕ ਯੁੱਗ ਵਿੱਚ ਬਦਲਿਆ ਹੈ।
ਜਿਨ੍ਹਾਂ ਬਾਲ ਮਨਾਂ ਨੂੰ ਅਜਿਹੇ ਉਤਸ਼ਾਹ ਭਰੇ ਮਾਹੌਲ ਵਿੱਚ ਰਹਿਣ ਦਾ ਮੌਕਾ ਮਿਲਿਆ ਹੋਵੇ, ਉਨ੍ਹਾਂ ਦੀਆਂ ਜਾਗਦੀਆਂ ਅੱਖਾਂ ਦੇ ਸੁਪਨੇ ਪੂਰੇ ਹੀ ਨਹੀਂ ਹੁੰਦੇ, ਉਹ ਆਉਣ ਵਾਲੇ ਕੱਲ੍ਹ ਦੇ ਨੇਤਾ ਬਣ ਕੇ ਇਸ ਦੁਨੀਆ ਨੂੰ ਹੋਰ ਜਿਊਣ ਜੋਗੀ ਬਣਾਉਣ ਦੇ ਕਾਬਲ ਵੀ ਬਣਦੇ ਹਨ। ਬੱਚੇ ਦੀ ਯੋਗਤਾ ਨੂੰ ਕਿਤਾਬੀ ਪੜ੍ਹਾਈ ਦੀਆਂ ਪ੍ਰਾਪਤੀਆਂ ਤੋਂ ਹੀ ਨਹੀਂ ਪਹਿਚਾਣਿਆ ਜਾ ਸਕਦਾ, ਸਗੋਂ ਇਹ ਦੇਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਅੰਦਰ ਲੁਕੀਆਂ ਹੋਰ ਕੁਦਰਤੀ ਰੁਚੀਆਂ ਨੂੰ ਕਿਵੇਂ ਉਜਾਗਰ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਆਪ ’ਤੇ ਕਿੰਨਾ ਭਰੋਸਾ ਹੈ? ਜੇ ਹਰ ਬੱਚੇ ਨੂੰ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਆਪਣੀ ਸਮਰੱਥਾ ਨੂੰ ਪ੍ਰਗਟਾਉਣ ਦਾ ਮੌਕਾ ਮਿਲੇ ਤਾਂ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਉਹ ਬੱਚਾ ਵੱਡਾ ਹੋ ਕੇ ਕਿਹੜੀਆਂ-ਕਿਹੜੀਆਂ ਮੁਸ਼ਕਿਲ ਘਾਟੀਆਂ ਸਰ ਕਰ ਸਕਦਾ ਹੈ।
ਸੰਪਰਕ: 001-604-369-2371