ਮੋਬਾਈਲ ਦੀ ਦੁਰਵਰਤੋਂ
ਮੁਹੰਮਦ ਅੱਬਾਸ ਧਾਲੀਵਾਲ
ਅੱਜ ਮੋਬਾਈਲ ਦੀ ਵਰਤੋਂ ਆਮ ਹੈ। ਪਿਛਲੇ ਇੱਕ-ਡੇਢ ਦਹਾਕੇ ਤੋਂ ਮੋਬਾਈਲ ਫੋਨ ਦੀ ਵਰਤੋਂ ’ਚ ਚੋਖਾ ਵਾਧਾ ਹੋਇਆ ਹੈ। ਅਕਸਰ ਵੇਖਣ ’ਚ ਆਉਂਦਾ ਹੈ ਕਿ ਜੇਕਰ ਘਰ ਦੇ ਮੈਂਬਰ ਇੱਕ ਕਮਰੇ ਵਿੱਚ ਬੈਠੇ ਹਨ ਤਾਂ ਉਹ ਆਪਸ ਵਿੱਚ ਗੱਲ ਕਰਨ ਦੀ ਥਾਂ ਮੋਬਾਈਲ ਵੇਖਣ ਵਿੱਚ ਮਸ਼ਰੂਫ਼ ਹੁੰਦੇ ਹਨ।
ਮੋਬਾਈਲ ਦੀ ਵਧੇਰੇ ਵਰਤੋਂ ਕਰਨ ਦੇ ਚੱਲਦਿਆਂ ਅੱਜ ਲੋਕਾਂ ਨੂੰ ਧੜਾ ਧੜ ਵੱਖ ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਲੱਗ ਰਹੀਆਂ ਹਨ। ਸਭ ਤੋਂ ਮਾੜਾ ਪ੍ਰਭਾਵ ਉਨ੍ਹਾਂ ਬੱਚਿਆਂ ’ਤੇ ਵੇਖਣ ਨੂੰ ਮਿਲ ਰਿਹਾ ਹੈ ਜੋ ਮੋਬਾਈਲ ਦੀ ਵਧੇਰੇ ਵਰਤੋਂ ਕਰਦੇ ਹਨ। ਜੋ ਬੱਚੇ ਜ਼ਿਆਦਾ ਸਮਾਂ ਮੋਬਾਈਲ ’ਤੇ ਗੇਮ ਖੇਡਣ, ਵੀਡੀਓਜ਼ ਦੇਖਣ ਜਾਂ ਗੱਲਾਂ ਕਰਨ ਵਿੱਚ ਲਗਾਉਂਦੇ ਹਨ, ਉਨ੍ਹਾਂ ਦੀ ਪੜ੍ਹਾਈ ਵਿੱਚ ਰੁਚੀ ਤੇ ਧਿਆਨ ਘਟ ਜਾਂਦਾ ਹੈ। ਨਤੀਜੇ ਵਜੋਂ ਉਨ੍ਹਾਂ ਦੇ ਇਮਤਿਹਾਨਾਂ ’ਚੋਂ ਨੰਬਰ ਘੱਟ ਆਉਂਦੇ ਹਨ।
ਇਸ ਤੋਂ ਇਲਾਵਾ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਨਾ ਨੀਂਦ ਵਿੱਚ ਖਲਲ ਪਾਉਂਦਾ ਹੈ। ਮੋਬਾਈਲ ਨੂੰ ਰਾਤ ਤੱਕ ਵਰਤਣਾ, ਖ਼ਾਸ ਕਰਕੇ ਸੌਣ ਤੋਂ ਪਹਿਲਾਂ ਨੀਂਦ ਨੂੰ ਬੇਹੱਦ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ ਮੋਬਾਈਲ ਦੀ ਡਿਸਪਲੇ ਸਕਰੀਨ ਵਿੱਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਸਰੀਰ ਦੇ ਕੁਦਰਤੀ ਨੀਂਦ-ਜਾਗ ਚੱਕਰ ਵਿੱਚ ਤਬਦੀਲੀ ਲਿਆਉਣ ਦਾ ਇੱਕ ਵੱਡਾ ਕਾਰਨ ਬਣਦੀ ਹੈ। ਇਸ ਦੇ ਚੱਲਦਿਆਂ ਬੱਚਿਆਂ ਨੂੰ ਨੀਂਦ ਆਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਹਿਲੇ ਸਮਿਆਂ ਵਿੱਚ ਅਕਸਰ ਬੱਚੇ ਵਧੇਰੇ ਸਰੀਰਕ ਸਰਗਰਮੀਆਂ ਵਾਲੀਆਂ ਖੇਡਾਂ ਖੇਡਿਆ ਕਰਦੇ ਸਨ, ਪਰ ਅੱਜ ਦੇ ਬੱਚੇ ਵਧੇਰੇ ਸਮੇਂ ਮੋਬਾਈਲ ਵੇਖਣ ’ਚ ਲੀਨ ਰਹਿੰਦੇ ਹਨ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਸਰੀਰਕ ਹਰਕਤ ਬਹੁਤ ਘੱਟ ਹੁੰਦੀ ਹੈ, ਨਤੀਜੇ ਵਜੋਂ ਉਹ ਮੋਟਾਪੇ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਸਹਿਣਸ਼ੀਲਤਾ ਦੀ ਘਾਟ ਦਾ ਸ਼ਿਕਾਰ ਹੁੰਦੇ ਹਨ। ਇਸ ਦੇ ਨਾਲ ਨਾਲ ਲੰਮਾ ਸਮਾਂ ਸਕਰੀਨ ਦੇਖਣ ਨਾਲ ਅੱਜ ਬੱਚਿਆਂ ਨੂੰ ਅੱਖਾਂ ਵਿੱਚ ਜਲਣ, ਧੁੰਦਲੀ ਨਜ਼ਰ ਜਾਂ ਸਿਰ ਦਰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਵਧੇਰੇ ਮੋਬਾਈਲ ਦਾ ਵੇਖਣਾ ਨਜ਼ਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਅੱਜ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਹਨ। ਇਹੋ ਵਜ੍ਹਾ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਐਪਸ ਦੀ ਵਧ ਰਹੀ ਵਰਤੋਂ ਬੱਚਿਆਂ ਵਿੱਚ ਚਿੰਤਾ, ਉਦਾਸੀ ਅਤੇ ਇਕੱਲਾਪਣ ਵਰਗੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ। ਇਸ ਤੋਂ ਇਲਾਵਾ ਅਕਸਰ ਬੱਚੇ ਰੀਲਜ਼ ਵੇਖ ਕੇ ਆਪਣੇ ਆਪ ਦੀ ਤੁਲਨਾ ਦੂਜਿਆਂ ਨਾਲ ਕਰਨ ਲੱਗਦੇ ਹਨ ਅਤੇ ਲਗਾਤਾਰ ਕਨੈਕਟ ਰਹਿਣ ਦਾ ਦਬਾਅ ਮਹਿਸੂਸ ਕਰਨ ਲੱਗਦੇ ਹਨ।
ਵੇਖਣ ’ਚ ਇਹ ਵੀ ਆਇਆ ਹੈ ਅੱਜ ਛੋਟੇ-ਛੋਟੇ ਬੱਚਿਆਂ ’ਚ ਮੋਬਾਈਲ ਦਾ ਸ਼ੁਦਾਅ ਵਧੇਰੇ ਵੇਖਣ ਨੂੰ ਮਿਲ ਰਿਹਾ ਹੈ। ਕਈ ਬੱਚਿਆਂ ਨੂੰ ਮੋਬਾਈਲ ਵੇਖਣ ਦੀ ਲਤ ਨਸ਼ਿਆਂ ਵਾਂਗ ਚਿੰਬੜ ਗਈ ਜਾਪਦੀ ਹੈ। ਉਹ ਬਿਨਾਂ ਫੋਨ ਦੇ ਧਿਆਨ ਨਹੀਂ ਲਗਾ ਸਕਦੇ, ਬੇਚੈਨ ਹੋ ਜਾਂਦੇ ਹਨ। ਜਦੋਂ ਉਨ੍ਹਾਂ ਤੋਂ ਮੋਬਾਈਲ ਲੈ ਲਿਆ ਜਾਂਦਾ ਹੈ ਤਾਂ ਉਹ ਗੁੱਸਾ ਕਰਦੇ ਹਨ।
ਇਸ ਤੋਂ ਇਲਾਵਾ ਅੱਜ ਵਧੇਰੇ ਮੋਬਾਈਲ ਚਲਾਉਣ ਵਾਲੇ ਬੱਚੇ ਅਜੋਕੇ ਸਮੇਂ ਸਮਾਜਿਕ ਨਹੀਂ ਰਹਿ ਪਾਉਂਦੇ। ਉਨ੍ਹਾਂ ’ਚ ਸਮਾਜਿਕ ਹੁਨਰਾਂ ਦੀ ਘਾਟ ਪਾਈ ਜਾਂਦੀ ਹੈ। ਇਹੋ ਵਜ੍ਹਾ ਹੈ ਕਿ ਅਜਿਹੇ ਬੱਚਿਆਂ ਨੂੰ ਅੱਜ ਅਸਲੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਜਾਂ ਰਿਸ਼ਤੇ ਬਣਾਉਣ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਇੱਕ ਹੋਰ ਬਹੁਤ ਗੰਭੀਰ ਮਸਲਾ ਇਹ ਹੈ ਕਿ ਜਦੋਂ ਬੱਚੇ ਮੋਬਾਈਲ ਚਲਾਉਂਦੇ ਹਨ ਤਾਂ ਜ਼ਰੂਰੀ ਨਹੀਂ ਕਿ ਉੱਚਿਤ ਚੀਜ਼ਾਂ ਹੀ ਵੇਖਣ, ਕਈ ਵਾਰ ਉਹ ਅਣਉਚਿਤ ਸਮੱਗਰੀ ਵੇਖਣ ਲੱਗ ਪੈਂਦੇ ਹਨ ਜਿਸ ਦੇ ਚੱਲਦਿਆਂ ਉਨ੍ਹਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਂਦਾ ਹੈ। ਜੇ ਮਾਪਿਆਂ ਵੱਲੋਂ ਨਿਗਰਾਨੀ ਨਾ ਕੀਤੀ ਜਾਵੇ ਤਾਂ ਬੱਚੇ ਗ਼ਲਤੀ ਨਾਲ ਜਾਂ ਜਾਣ-ਬੁੱਝ ਕੇ ਹਿੰਸਕ, ਅਸ਼ਲੀਲ ਜਾਂ ਹੋਰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਦੇਖ ਸਕਦੇ ਹਨ। ਉਹ ਆਨਲਾਈਨ ਬੁਲਿੰਗ ਜਾਂ ਗ਼ਲਤ ਲੋਕਾਂ ਦੇ ਧੱਕੇ ਵੀ ਚੜ੍ਹ ਸਕਦੇ ਹਨ।
ਉਂਜ ਇਹ ਵੀ ਇੱਕ ਸੱਚਾਈ ਹੈ ਕਿ ਅੱਜ ਬੱਚਿਆਂ ਵੱਲੋਂ ਮੋਬਾਈਲ ਦੀ ਵਰਤੋਂ ’ਤੇ ਨਿਯੰਤਰਣ ਰੱਖਣਾ ਮਾਪਿਆਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਪਰ ਫਿਰ ਵੀ ਜੇਕਰ ਅਸੀਂ ਕੁੱਝ ਨਿਯਮਾਂ ਨੂੰ ਅਪਣਾ ਲਈਏ ਤਾਂ ਬੱਚਿਆਂ ਦੀ ਉਕਤ ਆਦਤ ’ਤੇ ਕੁੱਝ ਹੱਦ ਤੱਕ ਨਿਯੰਤਰਣ ਪਾਇਆ ਜਾ ਸਕਦਾ ਹੈ। ਇਸ ਸੰਦਰਭ ਵਿੱਚ ਸਾਨੂੰ ਸਭ ਤੋਂ ਪਹਿਲਾਂ ਬੱਚਿਆਂ ਲਈ ਮੋਬਾਈਲ ਦੀ ਵਰਤੋਂ ਲਈ ਇੱਕ ਸਮਾਂ ਸੀਮਾ ਨਿਰਧਾਰਤ ਕਰਨਾ ਯਕੀਨੀ ਬਣਾਉਣਾ ਪਵੇਗਾ। ਉਦਾਹਰਨ ਵਜੋਂ ਸਿਰਫ਼ ਹੋਮਵਰਕ ਤੋਂ ਬਾਅਦ ਜਾਂ ਪੂਰੇ ਦਿਨ ਵਿੱਚ ਸਿਰਫ਼ ਇੰਕ ਘੰਟਾ। ਇਸ ਦੇ ਨਾਲ ਨਾਲ ਖੇਡ ਜਾਂ ਖ਼ਾਸ ਐਪ ਵਰਤਣ ਦੇ ਸਮੇਂ ’ਤੇ ਸੀਮਾਵਾਂ ਲਾਉਣੀਆਂ ਪੈਣਗੀਆਂ।
ਇਸ ਤੋਂ ਇਲਾਵਾ ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬੱਚੇ ਹਮੇਸ਼ਾਂ ਵੱਡਿਆਂ ਦੇ ਨਕਸ਼-ਏ-ਕਦਮ ’ਤੇ ਚੱਲਦੇ ਹਨ। ਇਸ ਲਈ ਸਾਨੂੰ ਖ਼ੁਦ ਵੀ ਮੋਬਾਈਲ ਦੀ ਵਰਤੋਂ ਸੀਮਤ ਕਰਨੀ ਚਾਹੀਦੀ ਹੈ। ਇਸ ਦੇ ਨਾਲ ਨਾਲ ਪਰਿਵਾਰਕ ਸਮੇਂ ’ਚ ਮੋਬਾਈਲ ਨੂੰ ਬੰਦ ਰੱਖੋ ਜਾਂ ਸਾਈਲੈਂਟ ਮੋਡ ’ਤੇ ਰੱਖਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਫੋਨ ਜਾਂ ਟੈਬਲੇਟ ’ਚ ਪੇਰੈਂਟਲ ਕੰਟਰੋਲ ਐਪ ਜਾਂ ਫੀਚਰ ਦੀ ਵਰਤੋਂ ਨਾਲ ਕੰਟਰੋਲ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਦੇ ਚੱਲਦਿਆਂ ਤੁਸੀਂ ਵੇਖ ਸਕਦੇ ਹੋ ਕਿ ਤੁਹਾਡਾ ਬੱਚਾ ਕੀ ਕੀ ਦੇਖ ਰਿਹਾ ਹੈ ਅਤੇ ਕਿਸੇ ਚੀਜ਼ ਨੂੰ ਵੇਖਣ ਲਈ ਕਿੰਨਾ ਸਮਾਂ ਖ਼ਰਚ ਕਰ ਰਿਹਾ ਹੈ।
ਅੱਜ ਸਾਨੂੰ ਮੋਬਾਈਲ ਤੋਂ ਇਲਾਵਾ ਬੱਚਿਆਂ ਨੂੰ ਹੋਰ ਵਿਕਲਪ ਉਪਲੱਬਧ ਕਰਵਾਉਣੇ ਚਾਹੀਦੇ ਹਨ ਜਿਵੇਂ ਕਿ ਬੱਚਿਆਂ ਨੂੰ ਹੋਰ ਸਰਗਰਮੀਆਂ ਨਾਲ ਜੋੜੋ ਜਿਵੇਂ ਆਊਟਡੋਰ ਖੇਡਾਂ, ਕਿਤਾਬਾਂ, ਕਲਾ ਜਾਂ ਪਾਠਕ੍ਰਮਾਤਮਕ ਗਤੀਵਿਧੀਆਂ ਆਦਿ। ਅੱਜ ਇੱਕ ਗੱਲ ਜੋ ਵੇਖਣ ’ਚ ਆ ਰਹੀ ਹੈ ਉਹ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਲੋੜੀਂਦਾ ਸਮਾਂ ਨਾ ਦੇ ਸਕਣ ਦੇ ਚੱਲਦਿਆਂ ਉਨ੍ਹਾਂ ਦੇ ਹੱਥ ਮੋਬਾਈਲ ਫੜਾ ਦਿੰਦੇ ਹਨ। ਅਜਿਹਾ ਕਰਨ ਦੀ ਥਾਂ ਸਾਨੂੰ ਪਰਿਵਾਰਕ ਸਮਾਂ ਅਤੇ ਗੱਲਬਾਤ ਨੂੰ ਵਧਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਮਝਾਓ ਕਿ ਮੋਬਾਈਲ ਦਾ ਵੱਧ ਵਰਤਣਾ ਸਿਹਤ ਲਈ ਅਤੇ ਮਨੋਵਿਗਿਆਨਕ ਪੱਧਰ ਲਈ ਕਿਵੇਂ ਨੁਕਸਾਨਦਾਇਕ ਬਣ ਰਿਹਾ ਹੈ। ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰੋ ਕਿ ਉਹ ਕੀ ਦੇਖਦੇ ਹਨ, ਉਨ੍ਹਾਂ ਦੀ ਸੋਚ ਕਿਹੋ ਜਿਹੀ ਹੈ।
ਸੰਪਰਕ: 98552-59650