ਬੀਕੇਯੂ ਦੇ ਨੁਮਾਇੰਦਿਆਂ ਨੇ ਮੋਦੀ ਤੇ ਟਰੰਪ ਦੇ ਫੂਕੇ ਪੁਤਲੇ
ਪੱਤਰ ਪ੍ਰੇਰਕ
ਮਲੌਦ, 4 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਤਲੇ ਪੋਹੀੜ ਚੌਕ ਵਿਚ ਫੂਕੇ ਗਏ। ਬੀਕੇਯੂ ਦੇ ਆਗੂਆਂ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਤੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਸਮੇਤ ਖੇਤੀ ਵਸਤਾਂ ਉੱਤੇ 100% ਟੈਕਸ ਲਾਉਣ ਦਾ ਦਬਾਅ ਪਾਊ ਫੈਸਲਾ ਲਾਗੂ ਕੀਤਾ ਗਿਆ ਹੈ।
ਅਮਰੀਕਾ ਤੋਂ ਭਾਰਤ ਨੂੰ ਬਰਾਮਦ ਹੋਣ ਵਾਲੀ ਕਣਕ ਤੇ ਹੋਰ ਕਈ ਖੇਤੀ ਵਸਤਾਂ ਉੱਤੇ ਭਾਰਤ ਵੱਲੋਂ ਟੈਕਸ ਘਟਾਉਣ ਜਾਂ ਟੈਕਸ ਮੁਕਤ ਕਰਨ ਸੰਬੰਧੀ ਦੁਵੱਲੇ ਸਮਝੌਤੇ ਬਾਰੇ ਵਿਚਾਰ ਚਰਚਾ ਲਈ ਭਾਰਤੀ ਵਿਦੇਸ਼ ਮੰਤਰੀ ਦੀ ਅਮਰੀਕਾ ਫੇਰੀ ਅਤੇ ਅਮਰੀਕੀ ਵਪਾਰਕ ਵਫ਼ਦ ਦੀ ਭਾਰਤ ਫੇਰੀ ਉੱਤੇ ਮੋਦੀ ਸਰਕਾਰ ਦੀ ਮੁਜਰਮਾਨਾ ਚੁੱਪ ਸਮਝੌਤੇ ਬਾਰੇ ਸਹਿਮਤੀ ਵੱਲ ਇਸ਼ਾਰਾ ਕਰਦੀ ਹੈ। ਦੋਨਾਂ ਕਦਮਾਂ ਨਾਲ ਭਾਰਤ ਤੋਂ ਮੱਕੀ ਸਮੇਤ ਕਈ ਫਸਲਾਂ ਦੀ ਬਰਾਮਦ ਉੱਤੇ ਘੱਟ ਰੇਟਾਂ ਤੇ ਖ੍ਰੀਦ ਰਾਹੀਂ ਮਾਰੂ ਅਸਰ ਪਵੇਗਾ ਅਤੇ ਭਾਰਤ ਦੇ ਕਿਸਾਨ ਲੁੱਟੇ ਜਾਣਗੇ।ਖਾਸ ਕਰਕੇ ਅਮਰੀਕਾ ਵੱਲੋਂ ਸਮੁੰਦਰ ਵਿੱਚ ਸੁੱਟੀ ਜਾਣ ਵਾਲੀ ਕਣਕ ਭਾਰਤ ਨੂੰ ਟੈਕਸ ਮੁਕਤ ਬਰਾਮਦ ਕਾਰਨ ਸਾਡੇ ਕਿਸਾਨਾਂ ਦੀ ਕਣਕ ਕੌਡੀਆਂ ਦੇ ਭਾਅ ਲੁੱਟੀ ਜਾਵੇਗੀ।
ਇਸ ਲਈ ਪੂਰਾ ਤਾਣ ਲਾ ਕੇ ਵੱਡੀਆਂ ਲਾਮਬੰਦੀਆਂ ਰਾਹੀਂ ਦੋਨਾਂ ਕਿਸਾਨ ਦੁਸ਼ਮਣ ਲੀਡਰਾਂ ਦੇ ਪੁਤਲੇ ਫੂਕੇ ਗਏ। ਇਸ ਮੌਕੇ ਜ਼ਿਲਾ ਪ੍ਰਧਾਨ ਚਰਨ ਸਿੰਘ ਨੂਰਪੁਰ, ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾੜ, ਰਾਜਿੰਦਰ ਸਿੰਘ ਸਿਆੜ, ਹਰਜੀਤ ਸਿੰਘ ਘਲੋਟੀ, ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਜਗਮੀਤ ਸਿੰਘ ਕਲਾੜ੍ਹ, ਜਗਤਾਰ ਸਿੰਘ ਚੋਮੋਂ ਤੇ ਬਲਾਕ ਪ੍ਰਧਾਨ, ਸਕੱਤਰ ਵੀ ਹਾਜ਼ਰ ਸਨ।