ਬਿਜਲੀ ਮੁਲਾਜ਼ਮਾਂ ਵੱਲੋਂ ਨਿੱਜੀਕਰਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 22 ਅਪਰੈਲ
ਸੂਬਾ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਲਾਲੜੂ ਅਤੇ ਖਰੜ ਡਿਵੀਜ਼ਨਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਸੌਂਪਣ ਦੀ ਕੀਤੀ ਜਾ ਰਹੀ ਤਿਆਰੀ ਕਾਰਨ ਬਿਜਲੀ ਕਾਮਿਆਂ ਵਿਚ ਰੋਹ ਦੀ ਲਹਿਰ ਹੈ। ਅੱਜ ਰਾਜਪੁਰਾ ਡਿਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ,ਏਕਤਾ ਮੰਚ ਅਤੇ ਜੁਆਇੰਟ ਫੋਰਮ ਦੀ ਸਾਂਝੀ ਅਗਵਾਈ ਵਿੱਚ ਐੱਸਡੀਐੱਮ ਦਫ਼ਤਰ ਦੇ ਗੇਟ ਮੂਹਰੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕੀ।
ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਗੁਰਦੀਪ ਸਿੰਘ ਸੈਦਖੇੜੀ, ਨਾਜ਼ਰ ਸਿੰਘ, ਰਿਟਾਇਰੀ ਯੂਨੀਅਨ ਦੇ ਜੀਵਨ ਸਿੰਘ, ਸੁਨੀਲ ਕੁਮਾਰ,ਚਰਨ ਸਿੰਘ ਜੰਡੋਲੀ ਜੇਈ ਐਸੋਸੀਏਸ਼ਨ ਦੇ ਗੁਰਮੀਤ ਸਿੰਘ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਸਬੰਧੀ ਮੀਟਿੰਗਾਂ ਦੇ ਕੇ ਮੁੱਕਰ ਜਾਂਦੀ ਹੈ ਅਤੇ ਸਰਕਾਰ ਮੁਲਾਜ਼ਮ ਵਰਗ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਉਨ੍ਹਾਂ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਮੁਲਾਜ਼ਮ ਵਰਗ ਨੇ ਏਕਤਾ ਨਾ ਕੀਤੀ ਤਾਂ ਨਵੇਂ ਮੁਲਾਜ਼ਮਾਂ ਦਾ ਭਵਿੱਖ ਖ਼ਤਰੇ ਵਿੱਚ ਹੈ[ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨਾਲ ਤਾਂ ਹੀ ਟੱਕਰ ਲਈ ਜਾ ਸਕਦੀ ਹੈ ਜੇ ਸਾਰੇ ਮੁਲਾਜ਼ਮ ਏਕਤਾ ਕਰਕੇ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿੱਢਣਗੇ। ਉਨ੍ਹਾਂ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਲਾਲੜੂ ਤੇ ਖਰੜ ਡਵੀਜ਼ਨਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਦਾ ਜ਼ਬਰਦਸਤ ਵਿਰੋਧ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਮੁਲਾਜ਼ਮ ਵਰਗ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਏਗਾ।ਇਸ ਮੌਕੇ ਅਰਥੀ ਫ਼ੂਕ ਮੁਜ਼ਾਹਰੇ ਵਿੱਚ ਜੇਈ ਐਸੋਸੀਏਸ਼ਨ ਵੱਲੋਂ ਸਰਕਲ ਸਕੱਤਰ ਗੁਰਮੀਤ ਸਿੰਘ,ਗੁਰਦੀਪ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਬਾਵਾ, ਡਿਵੀਜ਼ਨ ਪ੍ਰਧਾਨ ਨਾਜ਼ਰ ਸਿੰਘ,ਤਰਸੇਮ ਸਿੰਘ,ਦਵਿੰਦਰ ਸਿੰਘ,ਗੁਰਵਿੰਦਰ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ, ਦਰਸ਼ਨ ਸਿੰਘ,ਧਰਮਪਾਲ, ਸੁਨੀਲ ਕੁਮਾਰ,ਜਗਦੀਪ ਸਿੰਘ ਕਾਕਾ, ਗਿਆਨ ਸਿੰਘ,ਕਰਮ ਚੰਦ, ਹਰਦੇਵ ਸਿੰਘ, ਓਮ ਪ੍ਰਕਾਸ਼, ਸੋਹਨ ਸਿੰਘ, ਗੁਰਪ੍ਰੀਤ ਸਿੰਘ,ਕਰਮ ਚੰਦ,ਕਰਨੈਲ ਸਿੰਘ, ਚਰਨ ਸਿੰਘ ਵੀ ਮੌਜੂਦ ਸਨ।