ਬਾਰ੍ਹਵੀਂ ਦੇ ਨਤੀਜੇ ’ਚ ਛਾਈਆਂ ਮਾਲਵੇ ਦੀਆਂ ਜਾਈਆਂ
ਜੋਗਿੰਦਰ ਸਿੰਘ ਮਾਨ
ਮਾਨਸਾ, 14 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ (ਪੀਐਸਈਬੀ) ਵੱਲੋਂ ਅੱਜ ਬਾਅਦ ਦੁਪਹਿਰ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਮਾਲਵਾ ਖੇਤਰ ਦੀਆਂ ਜਾਈਆਂ ਪੰਜਾਬ ਭਰ ਵਿੱਚ ਛਾ ਗਈਆਂ। ਪਹਿਲੇ ਤਿੰਨੇ ਸਥਾਨ ਇਸ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਕੁੜੀਆਂ ਹਾਸਲ ਕੀਤੇ। ਪਹਿਲਾ ਸਥਾਨ ਬਰਨਾਲਾ ਦੀ ਹਰਸੀਰਤ ਕੌਰ ਨੇ ਪ੍ਰਾਪਤ ਕੀਤਾ, ਜਿਸ ਨੇ 500 ਵਿਚੋਂ 500 ਅੰਕ ਹਾਸਲ ਕੀਤੇ। ਦੂਜਾ ਸਥਾਨ ਫਿਰੋਜ਼ਪੁਰ ਜ਼ਿਲ੍ਹੇ ਦੀ ਕੱਸੋਆਣਾ ਕਸਬੇ ਦੀ ਮਨਵੀਰ ਕੌਰ ਹਾਸਲ ਕੀਤਾ, ਉਸ ਨੇ 500 ’ਚੋਂ 498 ਅੰਕ ਹਾਸਲ ਕੀਤੇ। ਮਾਨਸਾ ਜ਼ਿਲ੍ਹੇ ਦੇ ਤਾਰਾ ਚੰਦ ਵਿਦਿਆ ਮੰਦਿਰ ਭੀਖੀ ਦੀ ਅਰਸ਼ ਨੇ 500 ’ਚੋਂ 498 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨਤੀਜੇ ਦੌਰਾਨ ਰਾਜ ਭਰ ’ਚੋਂ ਪਹਿਲੇ ਤਿੰਨੇ ਸਥਾਨ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤੇ ਹਨ। ਜਾਣਕਾਰੀ ਅਨੁਸਾਰ ਹਰਸੀਰਤ ਕੌਰ ਨੇ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਿਰ ਬਰਨਾਲਾ ਵੱਲੋਂ ਪੇਪਰ ਦਿੱਤੇ। ਉਸ ਦੇ ਪਿਤਾ ਬਰਨਾਲਾ ਵਿੱਚ ਸਰਕਾਰੀ ਸਕੂਲ ਅਧਿਆਪਕ ਹਨ। ਮਨਵੀਰ ਕੌਰ ਨੇ ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕੱਛੋਆਣਾ ਵੱਲੋਂ ਪੇਪਰ ਦਿੱਤਾ ਹਨ। ਇਸ ਵਾਰ ਦਾ ਨਤੀਜਾ ਪਿਛਲੇ ਸਾਲ ਨਾਲੋਂ 2 ਫੀਸਦੀ ਘੱਟ ਰਿਹਾ। ਲੜਕੀਆਂ ਦਾ ਰਿਜ਼ਲਟ 94.32 ਅਤੇ ਲੜਕਿਆਂ ਦਾ 88.8 ਫੀਸਦੀ ਰਿਹਾ। ਇਸੇ ਦੌਰਾਨ ਮਾਨਸਾ ਜ਼ਿਲ੍ਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟੜਾ ਕਲਾਂ ਦੇ 10 2 ਕਾਮਰਸ ਸਟਰੀਮ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਜਮਾਤ ਇੰਚਾਰਜ ਜਸਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਰਮਨਦੀਪ ਕੌਰ 74.4, ਸੁਮਨਪ੍ਰੀਤ ਕੌਰ 75.4, ਸੁਖਪ੍ਰੀਤ ਕੌਰ 90.2, ਅਕਾਸ਼ਦੀਪ ਕੌਰ 88.8, ਜਸਪ੍ਰੀਤ ਕੌਰ 79.6, ਜੋਤੀ ਰਾਣੀ 87.2, ਲਵਪ੍ਰੀਤ ਕੌਰ 86, ਸਹਿਜਪ੍ਰੀਤ ਸਿੰਘ 86,ਜੀਵਨ ਸਿੰਘ 87.4, ਸਹਿਦਦੀਪ ਸਿੰਘ 87.4, ਅਰਸ਼ਦੀਪ ਸਿੰਘ 84.8, ਹਨੀ ਸਿੰਘ 90.8, ਜਸ਼ਨਪ੍ਰੀਤ ਸਿੰਘ 89.2 ਫੀਸਦੀ ਅੰਕ ਪ੍ਰਾਪਤ ਕੀਤਾ ਹਨ। ਮਾਨਸਾ ਦੇ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦੀ ਕਾਮਰਸ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਪਹਿਲਾ ਅਤੇ ਸਮਰਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਵਿੱਚੋਂ ਸਾਹਿਬਜੋਤ ਸਿੰਘ ਨੇ ਪਹਿਲਾ ਅਤੇ ਪ੍ਰਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਸ ਵਿੱਚੋਂ ਅਰਮਾਨਦੀਪ ਸਿੰਘ ਨੇ ਪਹਿਲਾ, ਵੰਸ਼ ਨੇ ਦੂਜਾ ਅਤੇ ਦਕਸ਼ ਸਿੰਗਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਐੱਸਐੱਸਐੱਮ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਦੀ ਵਿਦਿਆਰਥਣ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ, ਵੀਰਪਾਲ ਕੌਰ ਪਿੰਡ ਮੱਲ੍ਹੇਸ਼ਾਹ ਨੇ ਮੈਡੀਕਲ ਸਟਰੀਮ ’ਚ 500 ’ਚੋਂ 498 ਅੰਕ ਪ੍ਰਾਪਤ ਕਰਕੇ ਪੰਜਾਬ ਭਰ ’ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ, ਮਾਤਾ ਪਿਤਾ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਨਵੀਰ ਕੌਰ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਅਤੇ ਨਰਸਰੀ ਜਮਾਤ ਤੋਂ ਐੱਸਐੱਸਐੱਮ ਪਬਲਿਕ ਸਕੂਲ ਕੱਸੋਆਣਾ ਦੀ ਵਿਦਿਆਰਥਣ ਹੈ। ਉਨ੍ਹਾਂ ਦੱਸਿਆ ਕਿ ਮਨਵੀਰ ਕੌਰ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਹੈ ਅਤੇ ਉਸ ਨੇ ਸਾਰੀਆਂ ਜਮਾਤਾਂ ਬਿਨਾਂ ਟਿਊਸ਼ਨ ਤੋਂ ਵਧੀਆ ਨੰਬਰ ਲੈ ਕੇ ਪਾਸ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮਨਵੀਰ ਡਾਕਟਰ ਬਣਨਾ ਚਹੁੰਦੀ ਹੈ। ਮਨਵੀਰ ਦੀ ਇਸ ਪ੍ਰਾਪਤੀ ਕਾਰਨ ਹਲਕਾ ਜ਼ੀਰਾ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਸਕੂਲ ਅਤੇ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਬਰਨਾਲਾ (ਰਵਿੰਦਰ ਰਵੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਬਾਰ੍ਹਵੀਂ ਦੇ ਨਤੀਜਿਆਂ ’ਚ ਸਥਾਨਕ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਸੂਬੇ ’ਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਸੰਸਦ ਮੈਂਬਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚੀ ਦੀ ਮਿਹਨਤ ਅਤੇ ਸਕੂਲ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਅੱਜ ਇਸ ਬੱਚੀ ਨੇ ਬਰਨਾਲੇ ਦਾ ਨਾਮ ਪੂਰੇ ਸੂਬੇ ’ਚ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਸੁਨੀਲ ਮਲਿਕ ਨੇ ਦੱਸਿਆ ਕਿ ਹਰਸੀਰਤ ਕੌਰ ਪੁੱਤਰੀ ਸਿਮਰਦੀਪ ਸਿੰਘ ਨੇ 100 ਪ੍ਰਤੀਸ਼ਤ (500/500) ਅੰਕ ਪ੍ਰਾਪਤ ਕਰਕੇ ਸੂਬੇ ’ਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਪਛਾੜਦਿਆਂ ਇਸ ਵਾਰ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਨੇ ਮੱਲ੍ਹਾਂ ਮਾਰੀਆਂ ਹਨ। ਜਦਕਿ ਐੱਸਐੱਸ ਮੈਮੋਰੀਅਲ ਸੀਨੀਅਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਜ਼ਿਲ੍ਹਾ ਫਿਰੋਜ਼ਪੁਰ ਦੀ ਮਨਵੀਰ ਕੌਰ ਨੇ ਦੂਜਾ ਅਤੇ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਅਰਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹਰਸੀਰਤ ਕੌਰ ਨੇ ਕਿਹਾ ਕਿ ਇਸ ਸਿਹਰਾ ਅਧਿਆਪਕਾਂ ਅਤੇ ਮਾਪਿਆਂ ਨੂੰ ਜਾਂਦਾ ਹੈ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਦੀ ਮਾਂ ਰੋਲ ਮਾਡਲ ਹੈ ਤੇ ਉਸ ਦਾ ਸਹਿਯੋਗ ਹਰ ਥਾਂ ਉਸ ਨੂੰ ਮਿਲਦਾ ਰਿਹਾ ਹੈ। ਹਰਸੀਰਤ ਕੌਰ ਦੇ ਪਿਤਾ ਜੋ ਜ਼ਿਲ੍ਹਾ ਸਿੱਖਿਆ ਵਿਭਾਗ ਵਿਖੇ ਸਪੋਰਟਸ ਮੈਨੇਜਰ ਹਨ। ਉਨ੍ਹਾਂ ਕਿਹਾ ਕਿ ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ। ਸਕੂਲ ਪ੍ਰਬੰਧਕੀ ਕਮੇਟੀ ਦੇ ਜੀਵਨ ਮੋਦੀ ਅਭੇ ਜਿੰਦਲ ਐਡਵੋਕੇਟ ਸੋਮ ਨਾਥ ਗਰਗ ਐਡਵੋਕੇਟ ਬਾਲ ਮੁਕੰਦ ਬਾਂਸਲ ਅਤੇ ਸਕੂਲ ਸਟਾਫ਼ ਵੱਲੋਂ ਵਿਦਿਆਰਥਣ ਨੂੰ ਵਧਾਈ ਦਿੱਤੀ ਗਈ।
ਬਠਿੰਡਾ ਜ਼ਿਲ੍ਹੇ ਦੇ 11 ਵਿਦਿਆਰਥੀ ਮੈਰਿਟ ’ਚ
ਬਠਿੰਡਾ (ਮਨੋਜ ਸ਼ਰਮਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸਰਕਾਰੀ ਸਕੂਲਾਂ ਨੇ ਝੰਡੇ ਬੁਲੰਦ ਕੀਤੇ ਹਨ। ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੇ ਛੇ ਬੱਚਿਆਂ ਨੇ ਮੈਰਿਟ ਵਿਚ ਬਾਜ਼ੀ ਮਾਰੀ ਹੈ। ਵੇਰਵਿਆਂ ਅਨੁਸਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਦੀ ਵਿਦਿਆਰਥਣ ਯਸਮੀਤ ਕੌਰ ਨੇ ਆਰਟਸ ਗਰੁੱਪ ਵਿੱਚੋਂ ਪੰਜਾਬ ਦੀ ਮੈਰਿਟ ਸੂਚੀ ’ਚ 5 ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਉਸ ਨੇ 495/500 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਬਠਿੰਡਾ ਦੇ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜਸਮੀਤ ਕੌਰ 489/500 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ ’ਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ। ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਵੀ 489/500 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਂਸਲ ਕੀਤਾ ਹੈ। ਖਾਲਸਾ ਕੰਨਿਆ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਵਿਦਿਆਰਥਣ ਕੋਮਲ ਨੇ 488/500 ਅੰਕ ਪ੍ਰਾਪਤ ਕੀਤੇ। ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਨੇ 488/500 ਅੰਕ ਪ੍ਰਾਪਤ ਕੀਤੇ। ਖਾਲਸਾ ਕੰਨਿਆ ਸਕੂਲ ਤਲਵੰਡੀ ਸਾਬੋ ਦੀ ਇੱਕ ਹੋਰ ਵਿਦਿਆਰਥਣ ਲਾਇਬ ਨੂਰ ਨੇ ਸਾਇੰਸ ਸਟਰੀਮ ਵਿੱਚੋਂ 487/500 ਅੰਕ ਪ੍ਰਾਪਤ ਕੀਤੇ ਹਨ। ਮੈਰੀਟੋਰੀਅਸ ਸਕੂਲ ਬਠਿੰਡਾ ਦੀ ਵਿਦਿਆਰਥਣ ਅੰਜਲੀ ਸ਼ਰਮਾ ਨੇ 487/500 ਅੰਕ ਪ੍ਰਾਪਤ ਕੀਤੇ। ਮੈਰੀਟੋਰੀਅਸ ਸਕੂਲ ਦੀਆਂ ਵਿਦਿਆਰਥਣ ਭਾਵਨਾ ਪੁੱਤਰੀ ਰਜਿੰਦਰ ਕੁਮਾਰ ਨੇ 487/500 ਅੰਕ ਹਾਸਲ ਕੀਤੇ। ਸਿਕੰਦਰ ਸਿੰਘ ਨੇ 486/500 ਵਿੱਚੋਂ ਅੰਕ ਪ੍ਰਾਪਤ ਕੀਤੇ ਹਨ।