ਬਾਬਾ ਦੀਪ ਸਿੰਘ ਕਲੱਬ ਨੇ ਜਿੱਤਿਆ ਮਾਂਗਾ ਸਰਾਏ ਦਾ ਕਬੱਡੀ ਕੱਪ
ਪੱਤਰ ਪ੍ਰੇਰਕ
ਜੈਂਤੀਪੁਰ, 10 ਅਪਰੈਲ
ਪਿੰਡ ਮਾਂਗਾ ਸਰਾਏ ਵਿੱਚ ਮਹਾਂ ਕਬੱਡੀ ਕੱਪ ਮੁੱਖ ਪ੍ਰਬੰਧਕ ਸਰਪੰਚ ਦਲਜੀਤ ਸਿੰਘ ਗੋਰਾ ਦੀ ਅਗਵਾਈ ਹੇਠ ਐੱਨਆਰਆਈਜ਼, ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਾਬਾ ਮੇਜਰ ਸਿੰਘ ਸੋਢੀ ਮੁਖੀ ਤਰਨਾ ਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਭਰਾ ਮਜੀਠੀਆ ਰਵੀਪ੍ਰੀਤ ਸਿੰਘ ਸਿੱਧੂ, ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ ਅਤੇ ਗਾਇਕ ਹਰਫ਼ ਚੀਮਾ ਸ਼ਾਮਲ ਹੋਏ।
ਇਸ ਮੌਕੇ ਸਭ ਤੋਂ ਪਹਿਲਾਂ ਮਾਂ ਖੇਡ ਕਬੱਡੀ ਪ੍ਰਤੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਜੂਨੀਅਰ ਵਰਗ ਲੜਕੀਆਂ ਅਤੇ ਲੜਕਿਆਂ ਦੇ ਸ਼ੋਅ ਮੈਚ ਕਰਵਾਏ ਗਏ। ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਬਾਬਾ ਬਿਧੀ ਚੰਦ ਕਬੱਡੀ ਕਲੱਬ ਸੁਰਸਿੰਘ ਬੈਂਕਾਂ ਅਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਂਗਾ ਸਰਾਏ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਬੜੇ ਫਸਵੇਂ ਤੇ ਰੌਚਕ ਮੁਕਾਬਲੇ ਦੌਰਾਨ ਮਾਂਗਾ ਸਰਾਏ ਕਲੱਬ ਦੀ ਟੀਮ ਨੇ ਸੁਰਸਿੰਘ ਕਲੱਬ ਦੀ ਟੀਮ ਨੂੰ ਹਰਾ ਕੇ 4 ਲੱਖ ਦੇ ਨਕਦ ਇਨਾਮ ਅਤੇ ਕਬੱਡੀ ਕੱਪ ’ਤੇ ਕਬਜ਼ਾ ਕੀਤਾ। ਇਸ ਮੌਕੇ ਜੇਤੂ ਟੀਮ ਨੂੰ 4 ਲੱਖ, ਉੱਪ ਜੇਤੂ ਨੂੰ ਸਾਢੇ 3 ਲੱਖ ਰੁਪਏ ਦੇ ਨਕਦ ਇਨਾਮ ਅਤੇ ਚੁਣੇ ਗਏ ਬੈਸਟ ਰੇਡਰ ਸ਼ੰਕਰ ਸੰਧਵਾਂ ਤੇ ਬੈਸਟ ਜਾਫੀ ਸਾਬਾ ਕਲਾਨੌਰ ਨੂੰ ਫੋਰਡ ਟਰੈਕਟਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਾਡੀ ਬਿਲਡਰ ਸੰਦੀਪ ਬੁੱਟਰ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਇਨਾਮ ਵੰਡਣ ਦੀ ਰਸਮ ਮੁੱਖ ਪ੍ਰਬੰਧਕ ਸਰਪੰਚ ਦਲਜੀਤ ਸਿੰਘ ਗੋਰਾ, ਮੁੱਖ ਮਹਿਮਾਨ ਬਾਬਾ ਮੇਜਰ ਸਿੰਘ ਸੋਢੀ,ਰਵੀਪ੍ਰੀਤ ਸਿੰਘ ਸਿੱਧੂ, ਲਖਬੀਰ ਸਿੰਘ ਗਿੱਲ, ਪ੍ਰਸਿੱਧ ਗਾਇਕ ਹਰਫ਼ ਚੀਮਾ ਨੇ ਸਾਂਝੇ ਤੌਰ ’ਤੇ ਅਦਾ ਕੀਤੀ।