ਬਾਡੀ ਬਿਲਡਿੰਗ ਮੁਕਾਬਲੇ ’ਚ ਵਿਜੈ ਸਿੰਘ ਦੋਇਮ
ਪੱਤਰ ਪ੍ਰੇਰਕ
ਯਮੁਨਾ ਨਗਰ, 22 ਮਾਰਚ
ਦੀਨ ਬੰਧੂ ਸਰ ਛੋਟੂ ਰਾਮ ਥਰਮਲ ਪਾਵਰ ਪ੍ਰਾਜੈਕਟ ਦੇ ਕਰਮਚਾਰੀ ਵਿਜੈ ਸਿੰਘ ਨੇ ਰਾਜਸਥਾਨ ਦੇ ਕੋਟਾ ਵਿੱਚ ਕਰਵਾਏ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਪਾਵਰ ਲਿਫਟਿੰਗ ਅਤੇ ਬਾਡੀ ਬਿਲਡਿੰਗ ਟੂਰਨਾਮੈਂਟ ਵਿੱਚ ਹਰਿਆਣਾ ਪਾਵਰ ਸਪੋਰਟਸ ਗਰੁੱਪ ਵੱਲੋਂ ਖੇਡਦੇ ਹੋਏ, ਬਾਡੀ ਬਿਲਡਿੰਗ ਮੁਕਾਬਲੇ ਦੇ ਮੀਡੀਅਮ ਵਰਗ ਵਿੱਚ ਤਗ਼ਮਾ ਜਿੱਤ ਕੇ ਅਤੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੀ ਕੰਪਨੀ, ਜ਼ਿਲ੍ਹੇ ਅਤੇ ਹਰਿਆਣਾ ਰਾਜ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਤਿਭਾਸ਼ਾਲੀ ਖਿਡਾਰੀ ਵਿਜੇ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਦਾ ਇਕਲੌਤਾ ਖਿਡਾਰੀ ਹੈ ਜਿਸ ਨੇ ਪਾਵਰ ਲਿਫਟਿੰਗ ਅਤੇ ਬਾਡੀ ਬਿਲਡਿੰਗ ਦੋਵਾਂ ਮੁਕਾਬਲਿਆਂ ਵਿੱਚ 2 ਤਗਮੇ ਜਿੱਤੇ ਹਨ। ਵਿਜੈ ਸਿੰਘ, ਜੋ ਕਿ ਸੋਨ ਤਗ਼ਮਾ ਜੇਤੂ ਟੱਗ ਆਫ਼ ਵਾਰ ਟੀਮ ਦਾ ਮੈਂਬਰ ਵੀ ਹੈ, ਨੇ ਜਬਲਪੁਰ (ਮੱਧ ਪ੍ਰਦੇਸ਼) ਵਿੱਚ ਕਰਵਾਏ 45ਵੇਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਪਾਵਰ ਲਿਫਟਿੰਗ ਅਤੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ 83 ਕਿਲੋਗ੍ਰਾਮ ਵਰਗ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਐਨਾ ਹੀ ਨਹੀਂ, ਵਿਜੇ ਕੁਮਾਰ ਨੂੰ ਸਰਸਵਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਜਗਾਧਰੀ ਵਿਖੇ ਆਯੋਜਿਤ ਐੱਨਪੀਸੀ ਪੁਰਸ਼ ਜ਼ਿਲ੍ਹਾ ਬਾਡੀ ਬਿਲਡਿੰਗ ਅਤੇ ਫਿਜ਼ਿਕ ਮੁਕਾਬਲੇ ਦੇ 75 ਕਿਲੋਗ੍ਰਾਮ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ।