ਬਠਿੰਡਾ ਦੇ ਨਵੇਂ ਬੱਸ ਅੱਡੇ ਦਾ ਮੁੱਦਾ ਭਖ਼ਿਆ
ਸ਼ਗਨ ਕਟਾਰੀਆ
ਬਠਿੰਡਾ, 15 ਅਪਰੈਲ
ਸ਼ਹਿਰ ਦੇ ਬੱਸ ਅੱਡੇ ਦੀ ਥਾਂ ਤਬਦੀਲੀ ਦਾ ਮੁੱਦਾ ਹਾਕਮ ਧਿਰ ਅਤੇ ਵਿਰੋਧੀਆਂ ਦਰਮਿਆਨ ਜੰਗ ਬਣਦਾ ਜਾ ਰਿਹਾ ਹੈ। ਹਾਲਾਂਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਸਮੇਂ ਵੀ ਜਗ੍ਹਾ ਤਬਦੀਲੀ ਦੀਆਂ ਬਕਾਇਦਾ ਕੋਸ਼ਿਸ਼ਾਂ ਦੇ ਮੱਦੇਨਜ਼ਰ ਨਵੇਂ ਵਾਤਾਨੁਕੂਲ ਅੱਡੇ ਲਈ ਨੀਂਹ ਪੱਥਰ ਵੀ ਰੱਖੇ ਜਾਂਦੇ ਰਹੇ ਹਨ। ਹੁਣ ਉਹੀ ਪਾਰਟੀਆਂ ਵਿਰੋਧੀ ਧਿਰ ’ਚ ਹਨ ਤਾਂ ਮੁੱਦੇ ਪ੍ਰਤੀ ਪਹੁੰਚ ’ਚ ਤਬਦੀਲੀ ਆ ਗਈ ਹੈ। ਵਿਰੋਧੀ ਧਿਰਾਂ ਤੋਂ ਇਲਾਵਾ ਸ਼ਹਿਰ ਦੇ ਕਈ ਸੰਗਠਨ ਵੀ ਨਵੇਂ ਬੱਸ ਅੱਡੇ ਦੀ ਸਥਾਪਤੀ ਦੇ ਪੱਖ ਅਤੇ ਵਿਰੋਧ ’ਚ ਵੰਡੇ ਨਜ਼ਰੀਂ ਆਉਂਦੇ ਹਨ। ਪਿਛਲੇ ਕਈ ਦਿਨਾਂ ਤੋਂ ਇਸ ਭਖ਼ਦੇ ਮਸਲੇ ’ਤੇ ਰਾਜਨੀਤੀ ਅਤੇ ਚਰਚਾਵਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਅੱਜ ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਬਾਦੀ ਦੇ ਲਿਹਾਜ਼ ਨਾਲ ਇਸ ਤੋਂ ਪਹਿਲਾਂ ਵੀ ਬਠਿੰਡੇ ਦੇ ਬੱਸ ਸਟੈਂਡ ਦੀਆਂ ਥਾਵਾਂ ਬਦਲਦੀਆਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਅਤੀਤ ’ਤੇ ਸਭ ਤੋਂ ਪਹਿਲਾਂ ਰੇਲਵੇ ਸਟੇਸ਼ਨ ਕੋਲ, ਉਸ ਤੋਂ ਮਗਰੋਂ ਪੁਰਾਣੇ ਬੱਸ ਅੱਡੇ ਵਾਲੀ ਥਾਂ ’ਤੇ ਅਤੇ 1972 ’ਚ ਮੌਜੂਦਾ ਅੱਡੇ ਵਾਲੀ ਥਾਂ ’ਤੇ ਜਗ੍ਹਾ ਬਦਲਦੀ ਆਈ ਹੈ। ਉਨ੍ਹਾਂ ਕਿਹਾ ਕਿ ਆਬਾਦੀ ਵਧਣ ਕਾਰਨ ਇਹ ਪਰਿਵਰਤਨ ਸਮੇਂ ਦੀ ਜ਼ਰੂਰਤ ਬਣਦਾ ਆਇਆ ਹੈ।
ਸ੍ਰੀ ਗਿੱਲ ਨੇ ਕਿਹਾ ਕਿ ਹੁਣ ਵੀ ਆਬਾਦੀ ਅਤੇ ਟ੍ਰੈਫ਼ਿਕ ਦੀ ਸਮੱਸਿਆ ਬੱਸ ਅੱਡੇ ਦੀ ਜਗ੍ਹਾ ਤਬਦੀਲੀ ਦਾ ਕਾਰਨ ਬਣੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਕ ਤਰਫ਼ ਫੌਜੀ ਛਾਉਣੀ ਅਤੇ ਦੂਜੀ ਤਰਫ਼ ਸਨਅਤੀ ਖੇਤਰ ਹੋਣ ਕਰਕੇ ਮਲੋਟ ਰੋਡ ’ਤੇ ਬੰਦ ਹੋ ਚੁੱਕੇ ਥਰਮਲ ਪਲਾਂਟ ਕੋਲ ਜਗ੍ਹਾ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੁਣੀ ਗਈ ਜਗ੍ਹਾ ਬੱਸ ਅੱਡੇ ਲਈ ਬਿਲਕੁਲ ਮਾਕੂਲ ਹੈ।
ਸ੍ਰੀ ਗਿੱਲ ਨੇ ਉਂਜ ਇਹ ਗੱਲ ਅੱਜ ਸਪਸ਼ਟ ਆਖੀ ਕਿ ਪੁਰਾਣਾ ਬੱਸ ਅੱਡਾ ਵੀ ਚਾਲੂ ਰਹੇਗਾ ਅਤੇ ਉਸ ਨੂੰ ਛੇੜਿਆ ਨਹੀਂ ਜਾਵੇਗਾ ਅਤੇ ਨਵੇਂ ਬੱਸ ਅੱਡੇ ਤੋਂ ਮੌਜੂਦਾ ਬੱਸ ਅੱਡੇ ਦਰਮਿਆਨ ਈ-ਬੱਸਾਂ ਰਾਹੀਂ ਬੱਸ ਯਾਤਰੀਆਂ ਦਾ ਆਉਣ-ਜਾਣ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਕੁੱਝ ਲੋਕ ਬੇਵਜ੍ਹਾ ਇਸ ਮੁੱਦੇ ’ਤੇ ਸਿਆਸਤ ਕਰਦਿਆਂ, ਸਮੁੱਚੀ ਤਸਵੀਰ ਨੂੰ ਵਿਗਾੜ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਸ਼ਹਿਰ ਦੇ ਵਪਾਰ ਨੂੰ ਠੇਸ ਪੁੱਜਣ ਦਾ ਡਰ ਪੈਦਾ ਕਰ ਰਹੇ ਹਨ, ਉਨ੍ਹਾਂ ਨੂੰ ਜਾਨਣਾ ਚਾਹੀਦਾ ਹੈ ਕਿ ਪਹਿਲਾਂ ਵੀ ਜਦੋਂ-ਜਦੋਂ ਅੱਡਾ ਬਦਲਿਆ ਗਿਆ, ਸ਼ਹਿਰ ਦਾ ਵਪਾਰ ਕਦੇ ਵੀ ਅਸਰ-ਅੰਦਾਜ਼ ਨਹੀਂ ਹੋਇਆ ਅਤੇ ਹੁਣ ਵੀ ਨਹੀਂ ਹੋਵੇਗਾ।