ਫਿਲਮਾਂ ਵਿੱਚ ਆਪਣੀ ਪਛਾਣ ਮੁੜ ਹਾਸਲ ਕਰਨੀ ਚਾਹੁੰਦੀ ਹਾਂ: ਸੋਹਾ ਅਲੀ ਖ਼ਾਨ
ਮੁੰਬਈ: ਅਦਾਕਾਰਾ ਸੋਹਾ ਅਲੀ ਖ਼ਾਨ ਜੋ ਫ਼ਿਲਮ ‘ਛੋਰੀ-2’ ਨਾਲ ਅਦਾਕਾਰੀ ਦੇ ਖੇਤਰ ’ਚ ਵਾਪਸੀ ਕਰ ਰਹੀ ਹੈ, ਨੇ ਕਿਹਾ ਕਿ ਜਦੋਂ ਉਹ ਮਾਂ ਬਣੀ ਤਾਂ ਉਸ ਨੂੰ ਲੱਗਾ ਕਿ ਉਹ ਫ਼ਿਲਮਾਂ ਤੋਂ ਦੂਰ ਹੋ ਗਈ ਪਰ ਹਾਲ ਹੀ ’ਚ ਉਸ ਨੇ ਮਹਿਸੂਸ ਕੀਤਾ ਆਪਣੀ ਪਛਾਣ ਵਾਪਸ ਪਾਉਣ ਦਾ ਸਮਾਂ ਆ ਗਿਆ ਹੈ। ਸੋਹਾ ਨੇ ‘ਰੰਗ ਦੇ ਬਸੰਤੀ’, ‘ਸਾਹਿਬ ਬੀਵੀ ਔਰ ਗੈਂਗਸਟਰ’, ‘ਤੁਮ ਮਿਲੇ’ ਤੇ ‘ਆਹਿਸਤਾ ਆਹਿਸਤਾ’ ਆਦਿ ਫ਼ਿਲਮਾਂ ’ਚ ਕੰਮ ਕੀਤਾ ਹੈ। ਸਾਲ 2017 ’ਚ ਸੋਹਾ ਤੇ ਕੁਨਾਲ ਖੇਮੂ ਦੇ ਘਰ ਬੇਟੀ ਇਨਾਇਆ ਨਾਓਮੀ ਖੇਮੂ ਦਾ ਜਨਮ ਹੋਇਆ ਸੀ। ਉਹ ਆਖਰੀ ਵਾਰ ਫ਼ਿਲਮ ‘ਸਾਹਿਬ ਬੀਵੀ ਔਰ ਗੈਂਗਸਟਰ-3’ ਵਿੱਚ ਨਜ਼ਰ ਆਈ ਸੀ, ਜੋ 2018 ’ਚ ਰਿਲੀਜ਼ ਹੋਈ ਸੀ। ਸੋਹਾ ਨੇ ਕਿਹਾ, ‘‘ਸੱਚ ਆਖਾਂ ਤਾਂ ਜਦੋਂ ਮੈਂ ਮਾਂ ਬਣੀ ਤਾਂ ਮੈਂ ਆਪਣੇ ਬੱਚੇ ਨੂੰ ਲੈ ਕੇ ਜਨੂੰਨੀ ਸੀ। ਮੈਂ ਸਿਰਫ਼ ਫ਼ਿਲਮਾਂ ਨੂੰ ਹੀ ਨਹੀਂ ਬਲਕਿ ਆਪਣੇ ਪਰਿਵਾਰ, ਦੋਸਤਾਂ, ਪਤੀ ਅਤੇ ਸਾਰਿਆਂ ਨੂੰ ਭੁੱਲ ਗਈ ਸੀ। ਮੈਂ ਸਿਰਫ ਇਸ ਬੱਚੇ ਪ੍ਰਤੀ ਜਨੂੰਨੀ ਸੀ ਅਤੇ ਹੁਣ ਉਹ ਵੱਡੀ ਹੋ ਗਈ ਹੈ, ਉਸ ਨੂੰ ਮੇਰੀ ਇੰਨੀ ਲੋੜ ਨਹੀਂ ਹੈ। ਇਸ ਕਰਕੇ ਮੈਨੂੰ ਕੁਝ ਹੋਰ ਤਲਾਸ਼ਣ ਦੀ ਲੋੜ ਹੈ ਤੇ ਮੁੜ ਆਪਣੀ ਪਛਾਣ ਹਾਸਲ ਕਰਨ ਦੀ ਲੋੜ ਹੈ।’’ -ਪੀਟੀਆਈ