ਫਾਇਰਿੰਗ ਮਾਮਲਾ: ਨਾਬਾਲਗ ਸਣੇ 6 ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰਤੀਆ, 20 ਮਾਰਚ
ਪੰਜਾਬ ਸੀਮਾ ਨਾਲ ਲੱਗਦੇ ਪਿੰਡ ਬੀਰਾਬਦੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਸਦਰ ਥਾਣਾ ਪੁਲਸ ਵੱਲੋਂ ਨਬਾਲਗ ਅਤੇ ਮੁੱਖ ਮੁਲਜ਼ਮ ਸਾਬਕਾ ਸਰਪੰਚ ਸਣੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਪੁਲੀਸ ਰਿਮਾਂਡ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਕ ਨਬਾਲਗ ਅਤੇ 5 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਾਇਰਿੰਗ ਦੇ ਮਾਮਲੇ ਵਿੱਚ ਪੁਲੀਸ 2 ਦਿਨਾਂ ਵਿਚ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸਦਰ ਥਾਣਾ ਇੰਚਾਰਜ ਰਾਜਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬੀਰਾਬਦੀ ਵਿਚ ਜ਼ਮੀਨੀ ਵਿਵਾਦ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਨੂੰ ਲੈ ਕੇ ਪੰਜਾਬ ਇਲਾਕੇ ਦੇ ਸੁਰੇਨ ਸਿੰਘ ਦੇ ਬਿਆਨਾਂ ’ਤੇ 9 ਨਾਮਜ਼ਦ ਅਤੇ 25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪਹਿਲੇ ਪੜਾਅ ਤਹਿਤ ਮੁੱਖ ਮੁਲਜ਼ਮ ਸਾਬਕਾ ਸਰਪੰਚ ਜੀਵਨ ਤੋਂ ਇਲਾਵਾ ਗੋਰਾ ਉਰਫ ਕਾਕਾ ਵਾਸੀ ਠੂਠਿਆਂਵਾਲੀ ਮਾਨਸਾ, ਦੀਪੂ ਵਾਸੀ ਨੰਗਲ, ਅਰਸ਼ਦੀਪ ਵਾਸੀ ਸਰਦੂਲਗੜ੍ਹ, ਛਿੰਦਾ ਵਾਸੀ ਠੂਠਿਆਂਵਾਲੀ, ਸਤਨਾਮ ਵਾਸੀ ਠੂਠਿਆਂਵਾਲੀ, ਜਗਸੀਰ ਸਿੰਘ ਵਾਸੀ ਮਾਨਸਾ ਕੈਂਚੀਆਂ, ਸੰਦੀਪ ਵਾਸੀ ਬਬਨਪੁਰ, ਅਵਤਾਰ ਸਿੰਘ ਉਰਫ ਕਾਲਾ ਵਾਸੀ ਸਰਦੂਲਗੜ੍ਹ ਅਤੇ ਇਕ ਨਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਪੁਲੀਸ ਨੇ ਸਤਗੁਰ ਸਿੰਘ ਵਾਸੀ ਰਤੀਆ, ਰਵੀ ਢਾਣੀ ਬਬਨਪੁਰ, ਸ਼ਹਿਪ੍ਰੀਤ ਸਿੰਘ ਪਿਲਛੀਆਂ, ਈਸ਼ਵਰ ਦਾਸ ਸ਼ੱਕਰਪੁਰਾ ਅਤੇ ਗੁਲਾਬ ਸਿੰਘ ਠੂਠਿਆਂਵਾਲੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗਾਰਡ ਦੀ ਸੁਰੱਖਿਆ ਤਹਿਤ ਜੋ ਮੁਲਜ਼ਮ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਸਨ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।